ਅੰਮ੍ਰਿਤਸਰ – ਬੀਤੀ ਦੇਰ ਰਾਤ ਸ਼ਾਰਟ ਸਰਕਟ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਦੇ ਆਈ. ਸੀ. ਯੂ. ਵਿਚ ਅੱਗ ਲੱਗਣ ਨਾਲ 2 ਮਰੀਜ਼ਾਂ ਦੀ ਮੌਤ ਹੋਣ ’ਤੇ ਹਸਪਤਾਲ ਵਿਚ ਹੜਕੰਪ ਮਚ ਗਿਆ। ਆਈ. ਸੀ. ਯੂ. ਦੇ ਬਾਹਰ ਜਦੋਂ ਜਗ ਬਾਣੀ ਦੀ ਟੀਮ ਨੇ ਨਿਰੀਖਣ ਕੀਤਾ ਤਾਂ ਦੇਖਿਆ ਕਿ ਕਿਤੇ ਵੀ ਅੱਗ ਬੁਝਾਉਣ ਲਈ ਸਿਲੰਡਰ ਜਾਂ ਰੇਤ ਦੀਆਂ ਬਾਲਟੀਆਂ ਨਹੀਂ ਲਗਾਈਆਂ ਗਈਆਂ ਸਨ। ਇੱਥੋਂ ਤੱਕ ਕਿ ਅੱਗ ਬੁਝਾਉਣ ਲਈ ਪਾਣੀ ਦੇ ਲਈ ਲਗਾਏ ਗਏ ਯੰਤਰ ਦੀਆਂ ਪਾਈਪਾਂ ਵੀ ਫਟੀਆਂ ਹੋਈਆਂ ਸਨ। ਇੱਥੋਂ ਤੱਕ ਆਈ. ਸੀ. ਯੂ. ਦੇ ਬਾਹਰ ਲਿਫਟਾਂ ਵੀ ਬੰਦ ਪਈਆਂ ਸਨ। ਹਸਪਤਾਲ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਤਾਂ ਸਥਿਤੀ ਨੂੰ ਸਾਂਭ ਲਿਆ ਗਿਆ ਪਰ ਜੇਕਰ ਰੱਬ ਨਾ ਕਰੇ ਅੱਗ ਹੋਰ ਭਿਆਨਕ ਹੁੰਦੀ ਤਾਂ ਹੋਰ ਮਾੜੇ ਹਾਲਾਤ ਸਾਹਮਣੇ ਹੋ ਸਕਦੇ ਸਨ। ਉਕਤ ਘਟਨਾ ਨੇ ਹਸਪਤਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਆਈ. ਸੀ. ਯੂ. ਦੇ ਇੰਚਾਰਜ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਜੇ. ਪੀ. ਅੱਤਰੀ ਨੇ ਕਿਹਾ ਕਿ ਏ. ਸੀ. ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ ਅਤੇ ਆਈ. ਸੀ. ਯੂ. ਵਿਚ ਧੂੰਆਂ ਫੈਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਹਾਲਤ ਪਹਿਲਾਂ ਹੀ ਗੰਭੀਰ ਸੀ। ਇਕ ਮਰੀਜ਼ ਜ਼ਹਿਰ ਖਾ ਕੇ ਭਰਤੀ ਹੋਇਆ ਸੀ, ਜਦਕਿ ਦੂਸਰਾ ਮਰੀਜ਼ ਕੈਂਸਰ ਦੀ ਬੀਮਾਰੀ ਨਾਲ ਕਾਫੀ ਗੰਭੀਰ ਬੀਮਾਰ ਸੀ। ਉਨ੍ਹਾਂ ਕਿਹਾ ਕਿ ਧੂਏਂ ਜਾਂ ਅੱਗ ਨਾਲ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਪਬਲਿਕ ਹੈਲਥ ਨੂੰ ਜਾਂਚ ਦਾ ਜ਼ਿੰਮਾ ਸੌਂਪ ਦਿੱਤਾ ਹੈ। ਡਾ. ਅੱਤਰੀ ਅਨੁਸਾਰ ਸਥਿਤੀ ਹੁਣ ਕੰਟਰੋਲ ਵਿਚ ਹੈ ਅਤੇ ਜਾਂਚ ਜਾਰੀ ਹੈ।