ਗੋਨਿਆਣਾ : ਜ਼ਿਲ੍ਹਾ ਪੁਲਸ ਨੇ ਬਜ਼ੁਰਗ ਵਿਅਕਤੀ ਨੂੰ ਅਗਵਾ ਕਰਕੇ ਕਤਲ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਬੀਤੀ 26 ਦਸੰਬਰ ਨੂੰ ਪੂਰਨ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਬਲਿਆਣਾ ਨੇ ਥਾਣਾ ਸਦਰ ਦੀ ਪੁਲਸ ਨੂੰ ਇਤਲਾਹ ਦਿੱਤੀ ਕਿ ਉਸ ਦਾ ਭਰਾ ਬਖਤੌਰ ਸਿੰਘ ਪੁੱਤਰ ਉਜਾਗਰ ਸਿੰਘ 23 ਦਸੰਬਰ ਤੋਂ ਲਾਪਤਾ ਹੈ, ਜੋ ਅਜੇ ਤਕ ਘਰ ਵਾਪਸ ਨਹੀਂ ਆਇਆ। ਇਸ ’ਤੇ ਪੁਲਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬਖਤੌਰ ਸਿੰਘ ਨੂੰ ਗੁਰਪ੍ਰੀਤ ਕੌਰ ਨੇ ਸਾਥੀਆਂ ਸਮੇਤ ਪਿੰਡ ਦਾਨ ਸਿੰਘ ਵਾਲਾ ਤੋਂ ਅਗਵਾ ਕਰ ਲਿਆ ਸੀ।
ਜਿਸ ਤੋਂ ਬਾਅਦ ਡੀ. ਐੱਸ. ਪੀ. ਭੁੱਚੋ ਰਵਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨੇਹੀਆਂਵਾਲਾ ਥਾਣਾ ਇੰਚਾਰਜ ਜਸਵਿੰਦਰ ਕੌਰ ਦੀ ਅਗਵਾਈ ’ਚ ਟੀਮ ਗਠਿਤ ਕੀਤੀ ਗਈ, ਜਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਬਖਤੌਰ ਸਿੰਘ ਦੀ ਕੁੱਟਮਾਰ ਕਰ ਕੇ ਉਸ ਦੀ ਲਾਸ਼ ਬਠਿੰਡਾ ਨਹਿਰ ਵਿਚ ਸੁੱਟ ਦਿੱਤੀ ਸੀ, ਜੋ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਥਾਣਾ ਖੇਤਰ ਤੋਂ ਬਰਾਮਦ ਹੋਈ ਹੈ।
ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਮੋਹਾਲੀ ਵੱਲ ਭੱਜ ਗਏ ਅਤੇ ਉਨ੍ਹਾਂ ਨੂੰ ਖਰੜ ਦੇ ਮਟੌਰ ਥਾਣਾ ਖੇਤਰ ਤੋਂ ਪੁਲਸ ਟੀਮ ਨੇ ਕਾਬੂ ਕਰ ਲਿਆ। ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਨੇ ਆਪਣੀ ਧੀ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਬਖਤੌਰ ਸਿੰਘ ਤੋਂ ਕਰੀਬ 7 ਲੱਖ ਰੁਪਏ ਉਧਾਰ ਲਏ ਸਨ। ਜਦੋਂ ਬਖਤੌਰ ਸਿੰਘ ਨੇ ਗੁਰਪ੍ਰੀਤ ਕੌਰ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਹੋਰ ਮੁਲਜ਼ਮਾਂ ਦੀ ਮਦਦ ਨਾਲ ਬਖਤੌਰ ਸਿੰਘ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮਾਂ ਨੂੰ 23 ਜਨਵਰੀ ਨੂੰ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ।