ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਬਾਂਸੀ ਗੇਟ ਵਿਖੇ ਨਾਕੇਬੰਦੀ ਦੌਰਾਨ ਪੁਲਸ ਮੁਲਾਜ਼ਮਾਂ ਨਾਲ ਝੜਪ ਕਰਕੇ ਪੁਲਸ ਕਰਮੀਆਂ ਦੀ ਵਰਦੀ ਪਾੜਨ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ 2 ਵਿਅਕਤੀਆਂ ਨੂੰ ਇਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਾਂਸੀ ਗੇਟ ਸਿਟੀ ਫਿਰੋਜ਼ਪੁਰ ਪਾਸ ਨਾਕੇਬੰਦੀ ਕਰਕੇ ਵ੍ਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਕ ਬਿਨ੍ਹਾ ਨੰਬਰੀ ਮੋਟਰਸਾਈਕਲ ’ਤੇ 2 ਵਿਅਕਤੀ ਕੁਲਵੰਤ ਸਿੰਘ ਪੁੱਤਰ ਮਹਿਲ ਸਿੰਘ, ਬਖਸ਼ੀਸ਼ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਅਨ ਰੱਜੀ ਵਾਲਾ ਆਏ।
ਉਨ੍ਹਾਂ ਦਾ ਮੋਟਰਸਾਈਕਲ ਰੋਕ ਕੇ ਉਨ੍ਹਾਂ ਕਿਹਾ ਕਿ ਤੁਸੀਂ ਬਿਨ੍ਹਾ ਨੰਬਰੀ ਮੋਟਰਸਾਈਕਲ ਚਲਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹੋ ਤਾਂ ਦੋਸ਼ੀਅਨ ਬਹਿਸਬਾਜ਼ੀ ਕਰਨ ਲੱਗੇ ਅਤੇ ਗਾਲੀ-ਗਲੋਚ ਕਰਨ ਲੱਗੇ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਦੇ ਗਲ ਪੈ ਗਏ ਅਤੇ ਉਨ੍ਹਾਂ ਦੀ ਪੱਗ ਉਤਾਰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਸਾਥੀ ਕਸ਼ਮੀਰ ਸਿੰਘ ਦੀ ਵਰਦੀ ਪਾੜ ਦਿੱਤੀ। ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਅਨ ਦਾ ਮੋਟਰਸਾਈਕਲ ਕਬਜ਼ੇ ਵਿਚ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।