ਪੰਜਾਬ ਦੇ ਜਲੰਧਰ ‘ਚ ਦਿਨੋਂ ਦਿਨ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਸ਼ਹਿਰ ‘ਚ ਗਰਮੀ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਟਰਾਂਸਪੋਰਟ ਨਗਰ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਅਤੇ ਇੰਡਸਟਰੀਅਲ ਏਰੀਆ ਵਿੱਚ ਇੱਕ ਹੋਰ ਵਿਅਕਤੀ ਦੀ ਲਾਸ਼ ਮਿਲੀ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ।
ਦੋਵੇਂ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਦੋਵਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਅੱਜ ਸਵੇਰੇ ਟਰਾਂਸਪੋਰਟ ਨਗਰ ਵਿੱਚ ਇੱਕ 70 ਸਾਲਾ ਵਿਅਕਤੀ ਦੀ ਲਾਸ਼ ਮਿਲੀ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ-8 ‘ਚ ਤਾਇਨਾਤ ਤਫਤੀਸ਼ੀ ਅਫਸਰ ਬਲਜੀਤ ਸਿੰਘ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਸ ਦੀ ਪਛਾਣ ਨਹੀਂ ਹੋ ਸਕੀ।
ਇਸੇ ਤਰ੍ਹਾਂ ਪੁਲਸ ਨੂੰ ਇੰਡਸਟਰੀਅਲ ਏਰੀਆ ਗਲੀ ਨੰਬਰ 1 ਟਰਾਂਸਪੋਰਟ ਨਗਰ ਤੋਂ ਇਕ 40-45 ਸਾਲ ਦੇ ਵਿਅਕਤੀ ਦੀ ਲਾਸ਼ ਮਿਲੀ। ਲਾਸ਼ ਕੋਲੋਂ ਕੋਈ ਵੀ ਦਸਤਾਵੇਜ਼ ਨਾ ਮਿਲਣ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਕਿਹਾ ਹੈ ਕਿ ਦੋਵਾਂ ਦੀ ਮੌਤ ਗਰਮੀ ਕਾਰਨ ਹੋਈ ਹੈ।