ਅਬੋਹਰ : ਸ਼ਹਿਰ ਦੇ ਥਾਣਾ ਨੰਬਰ-2 ਦੀ ਪੁਲਸ ਨੇ ਇਕ ਗਿਰੋਹ ਦੀਆਂ 2 ਔਰਤਾਂ ਨੂੰ ਕਾਬੂ ਕੀਤਾ ਹੈ। ਇਹ ਔਰਤਾਂ ਸੋਸ਼ਲ ਮੀਡੀਆ ਰਾਹੀਂ ਮਾਸੂਮ ਲੋਕਾਂ ਨਾਲ ਦੋਸਤੀ ਕਰ ਕੇ ਉਨ੍ਹਾਂ ਨੂੰ ਆਪਣੇ ਪਿਆਰ ਦੇ ਜਾਲ ’ਚ ਫਸਾ ਲੈਂਦੀਆਂ ਸਨ ਅਤੇ ਹਨੀ ਟਰੈਪ ਰਾਹੀਂ ਉਨ੍ਹਾਂ ਤੋਂ ਲੱਖਾਂ ਰੁਪਏ ਲੁੱਟਦੀਆਂ ਸਨ, ਜਦ ਕਿ ਉਨ੍ਹਾਂ ਦਾ ਇਕ ਸਾਥੀ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਕਾਬੂ ਕੀਤੀਆਂ ਗਈਆਂ ਔਰਤਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਪੁਲਸ ਰਿਮਾਂਡ ਪ੍ਰਾਪਤ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਨੰਬਰ-2 ਦੀ ਇੰਚਾਰਜ ਪ੍ਰੋਮਿਲਾ ਸਿੱਧੂ ਨੇ ਦੱਸਿਆ ਕਿ ਸਥਾਨਕ ਪੰਜਪੀਰ ਟਿੱਬਾ ਦੇ ਰਹਿਣ ਵਾਲੇ ਕਰੀਬ 50 ਸਾਲਾ ਅਮਰੀਕ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਭਗਵੰਤ ਸਿੰਘ ਰਾਜਪੂਤ ਦੀ ਪਤਨੀ ਸੁਮਿਤਰਾ ਉਰਫ਼ ਸ਼ਾਲੂ, ਹਿੰਮਤਪੁਰਾ ਵਾਸੀ ਗੁਰਮੀਤ ਕੌਰ ਪਤਨੀ ਚਰਣਜੀਤ ਸਿੰਘ ਅਤੇ ਨਵੀਂ ਆਬਾਦੀ ਗਲੀ ਨੰਬਰ-14 ਅਬੋਹਰ ਵਾਸੀ ਗੁਰਸੇਵਕ ਸਿੰਘ ਉਰਫ਼ ਸੇਵਕ ਜਾਖੜ ਪੁੱਤਰ ਬਖਤੌਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।