ਤਰਨਤਾਰਨ – ਬੀੜ ਬਾਬਾ ਬੁੱਢਾ ਸਾਹਿਬ ਵਿਖੇ ਖਿਡੌਣੇ ਵੇਚਣ ਆਈ ਇਕ ਮਾਂ ਦਾ 2 ਸਾਲਾ ਮੁੰਡਾ ਅਣਜਾਨ ਔਰਤ ਵੱਲੋਂ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਝਬਾਲ ਦੀ ਪੁਲਸ ਵੱਲੋਂ ਅਣਪਛਾਤੀ ਔਰਤ ਖ਼ਿਲਾਫ਼ ਪਰਚਾ ਦਰਜ ਕਰ ਉਸਦੀ ਗ੍ਰਿਫ਼ਤਾਰੀ ਲਈ ਕੈਮਰੇ ਦੀ ਮਦਦ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜੋਤੀ ਪਤਨੀ ਰੌਸ਼ਨ ਪੁੱਤਰ ਸੁਖਵੰਤ ਸਿੰਘ ਵਾਸੀ ਗਲੀ ਨੰਬਰ-18 ਮਕਬੂਲਪੁਰਾ ਅੰਮ੍ਰਿਤਸਰ ਨੇ ਥਾਣਾ ਝਬਾਲ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਮੇਲਿਆਂ ਵਿਚ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਖਿਡਾਉਣੇ ਵੇਚਣ ਦਾ ਕੰਮ ਕਰਦੀ ਹੈ।
ਬੀਤੀ 23 ਸਤੰਬਰ ਨੂੰ ਸ਼ਾਮ ਜਦੋਂ ਉਹ ਦਰਬਾਰ ਸਾਹਿਬ ਦੇ ਬਾਹਰਵਾਰ ਖਿਡੌਣੇ ਵੇਚ ਰਹੀ ਸੀ ਤਾਂ ਇਕ ਔਰਤ, ਜਿਸਦਾ ਉਸਨੂੰ ਨਾਮ-ਪਤਾ ਨਹੀਂ ਮਾਲੂਮ, ਉਹ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਵਿਖੇ ਮੇਲੇ ਵਿਚ ਖਿਡਾਉਣੇ ਵੇਚਣ ਦਾ ਲਾਲਚ ਦੇਣ ਲੱਗ ਪਈ, ਜਿਸ ਤੋਂ ਬਾਅਦ ਉਹ ਬੀੜ ਬਾਬਾ ਬੁੱਢਾ ਸਾਹਿਬ ਵਿਖੇ 23 ਸਤੰਬਰ ਨੂੰ ਸਵੇਰੇ 7 ਵਜੇ ਆਪਣੇ ਦੋ ਸਾਲਾ ਮੁੰਡੇ ਏਕਮ ਸਮੇਤ ਖਿਡੌਣੇ ਵੇਚਣ ਲਈ ਗੁਰਦੁਆਰਾ ਸਾਹਿਬ ਦੇ ਬਾਹਰ ਆ ਗਈ। ਜਦੋਂ ਉਸਦਾ ਬੇਟਾ ਸੁੱਤਾ ਪਿਆ ਸੀ ਤਾਂ ਉਹ ਸਬੰਧਤ ਔਰਤ, ਜਿਸਨੂੰ ਉਹ ਚੰਗੀ ਤਰ੍ਹਾਂ ਨਹੀਂ ਜਾਣਦੀ ਹੈ ਨੂੰ ਬੇਟੇ ਦੀ ਰਾਖੀ ਲਈ ਛੱਡ ਲੰਗਰ ਖਾਣ ਚਲੀ ਗਈ।
ਜਦੋਂ ਉਹ ਵਾਪਸ ਆਈ ਤਾਂ ਉਸਦਾ ਬੇਟਾ ਅਤੇ ਔਰਤ ਮੌਕੇ ’ਤੇ ਮੌਜੂਦ ਨਹੀਂ ਸੀ, ਜਿਸ ਦੀ ਉਹ ਬਹੁਤ ਭਾਲ ਕਰਦੀ ਰਹੀ ਪ੍ਰੰਤੂ ਉਸ ਨੂੰ ਨਹੀਂ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਝਬਾਲ ਦੇ ਏ.ਐੱਸ.ਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਨਾ-ਮਾਲੂਮ ਔਰਤ ਖਿਲਾਫ ਪਰਚਾ ਦਰਜ ਕਰਦੇ ਹੋਏ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।