ਚੰਡੀਗੜ੍ਹ: ਦੀਵਾਲੀ ਦੀ ਰਾਤ ਨੂੰ ਖੁੱਡਾ ਜੱਸੂ ’ਚ ਨੌਜਵਾਨ ਰਿਸ਼ਭ ਉਰਫ਼ ਉੱਦੂ ਦਾ ਕਤਲ ਕਰਨ ਵਾਲੇ ਤਿੰਨ ਫ਼ਰਾਰ ਮੁਲਜ਼ਮਾਂ ਨੂੰ ਥਾਣਾ ਸਾਰੰਗਪੁਰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅੰਨਾ ਵਾਸੀ ਝਾਮਪੁਰ ਮੋਹਾਲੀ, ਪੰਕਜ ਵਾਸੀ ਸੈਕਟਰ-25 ਤੇ ਨਕੁਲ ਵਾਸੀ ਸੈਕਟਰ-38 ਵਜੋਂ ਹੋਈ ਹੈ। ਥਾਣਾ ਸਾਰੰਗਪੁਰ ਪੁਲਸ ਨੇ ਕਤਲ ’ਚ ਵਰਤਿਆ ਤੇਜ਼ਧਾਰ ਹਥਿਆਰ ਬਰਾਮਦ ਕਰ ਲਿਆ ਹੈ। ਨਵਾਂਗਰਾਓਂ ਨਿਵਾਸੀ ਰਿਸ਼ਭ ’ਤੇ ਚੋਰੀ ਤੇ ਨਸ਼ੀਲਾ ਪਦਾਰਥ ਵੇਚਣ ਦੇ ਮਾਮਲੇ ਦਰਜ ਸਨ।
ਸ਼ੁੱਕਰਵਾਰ ਰਾਤ ਨੂੰ ਖੁੱਡਾ ਜੱਸੂ ’ਚ ਤਿੰਨੇ ਮੁਲਜ਼ਮ ਰਿਸ਼ਭ ’ਤੇ ਚਾਕੂਆਂ ਨਾਲ ਹਮਲਾ ਕਰ ਕੇ ਫ਼ਰਾਰ ਹੋ ਗਏ ਸੀ। ਪੁਲਸ ਨੇ ਜ਼ਖਮੀ ਨੂੰ ਲਹੂ-ਲੁਹਾਨ ਹਾਲਤ ’ਚ ਸੈਕਟਰ-16 ਜਨਰਲ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਸਾਰੰਗਪੁਰ ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਨਾਬਾਲਗ ਦੇ ਬਿਆਨਾਂ ’ਤੇ ਮੋਹਾਲੀ ਦੇ ਝਾਮਪੁਰ ਨਿਵਾਸੀ ਅੰਨਾ, ਸੈਕਟਰ-25 ਨਿਵਾਸੀ ਪੰਕਜ ਤੇ ਸੈਕਟਰ-38 ਨਿਵਾਸੀ ਨਕੁਲ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਜਾਂਚ ’ਚ ਪਤਾ ਲੱਗਾ ਕਿ ਰੰਜ਼ਿਸ਼ ਕਾਰਨ ਰਿਸ਼ਭ ਦਾ ਕਤਲ ਕੀਤਾ ਗਿਆ ਹੈ।