ਫਿਰੋਜ਼ਪੁਰ – ਜ਼ਿਲ੍ਹਾ ਫਿਰੋਜ਼ਪੁਰ ਪੁਲਸ ਐੱਸਐੱਸਪੀ ਸਰਦਾਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਵੱਡੇ ਪੱਧਰ ‘ਤੇ ਨਸ਼ਾ ਤਸਕਰਾਂ ਨੂੰ ਫੜਨ ਤੇ ਪਾਕਿਸਤਾਨੀ ਸਮਗਲਰਾਂ ਤੋਂ ਮੰਗਵਾਈ ਹੈਰੋਇਨ ਦੀਆਂ ਵੱਡੀਆਂ ਖੇਪਾਂ ਬਰਾਮਦ ਕਰਨ ਵਿੱਚ ਸਫਲਤਾ ਮਿਲ ਰਹੀਆਂ ਹਨ। ਇਸੇ ਲੜੀ ਨੂੰ ਜਾਰੀ ਰੱਖਦੇ ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਇੰਸਪੈਕਟਰ ਮੋਹਿਤ ਧਵਨ ਅਤੇ ਥਾਣਾ ਕੱਲ ਖੁਰਦ ਦੀ ਪੁਲਸ ਨੇ ਏਐਸਆਈ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਤੋਂ 3 ਨਸ਼ਾ ਤਸਕਰਾਂ ਨੂੰ 13 ਕਿਲੋ 21 ਗ੍ਰਾਮ ਹੈਰੋਇਨ, ਇੱਕ ਪਿਸਤੌਲ (ਜਿਸਦੇ ਪਾਰਟਸ ਖੁੱਲ੍ਹੇ ਹਨ) ਅਤੇ 8 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਫਿਰੋਜ਼ਪੁਰ ਰੇਂਜ ਸਰਦਾਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਸਿੱਧੂ, ਐਸਪੀ ਇਨਵੈਸਟੀਗੇਸ਼ਨ ਮਨਜੀਤ ਸਿੰਘ, ਡੀਐਸਪੀ ਇਨਵੈਸਟੀਗੇਸ਼ਨ ਬਲਜਿੰਦਰ ਸਿੰਘ, ਡੀਐਸਪੀ ਕਰਨ ਸ਼ਰਮਾ, ਡੀਐਸਪੀ ਸੁਖਵਿੰਦਰ ਸਿੰਘ ਅਤੇ ਸੀਆਈਏ ਸਟਾਫ ਫਿਰੋਜ਼ਪੁਰ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਆਦਿ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਨੂੰ ਫੜਨ ਲਈ ਬਣਾਈਆਂ ਗਈਆਂ ਪੁਲਸ ਟੀਮਾਂ ਜੰਗੀ ਪੱਧਰ ‘ਤੇ ਕੰਮ ਕਰ ਰਹੀਆਂ ਹਨ। ਡੀਆਈਜੀ ਸ੍ਰੀ ਗਿੱਲ ਅਤੇ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਸ ਪਾਰਟੀ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ।
ਇਸ ਦੌਰਾਨ ਜਦੋਂ ਉਹ ਸਰਹੱਦੀ ਪਿੰਡ ਮੱਧਰੇ ਦੇ ਰੇਲਵੇ ਫਾਟਕ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ 2 ਨਸ਼ਾ ਤਸਕਰ ਹੈਰੋਇਨ ਦੀ ਇੱਕ ਵੱਡੀ ਖੇਪ ਲੈ ਕੇ ਖੜ੍ਹੇ ਹਨ ਅਤੇ ਇਸਨੂੰ ਅੱਗੇ ਸਪਲਾਈ ਕਰਨ ਦੀ ਉਡੀਕ ਕਰ ਰਹੇ ਹਨ। ਇਸ ਗੁਪਤ ਸੂਚਨਾ ਦੇ ਆਧਾਰ ‘ਤੇ ਇੰਸਪੈਕਟਰ ਮੋਹਿਤ ਧਵਨ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਤੁਰੰਤ ਦੱਸੀ ਗਈ ਜਗ੍ਹਾ ‘ਤੇ ਛਾਪਾਮਾਰੀ ਅਤੇ ਦੋਵਾਂ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਪਾਸੋਂ ਤਲਾਸ਼ੀ ਲੈਣ ‘ਤੇ 8 ਕਿਲੋ 301 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵੇਂ ਨਸ਼ਾ ਤਸਕਰਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਗੁਰਦਿਆਲ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਕਾਲੀ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਗੱਟੀ ਰਾਜੋਕੇ ਵਜੋਂ ਹੋਈ ਹੈ।