ਪਟਨਾ : ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਨੈਸ਼ਨਲ ਹਾਈਵੇਅ 28 ‘ਤੇ ਇਕ ਤੇਜ਼ ਰਫ਼ਤਾਰ ਪਿਕਅੱਪ ਵੈਨ ਦੀ ਟੱਕਰ ਨਾਲ ਸਕੂਲ ਜਾ ਰਹੀਆਂ ਦੋ ਲੜਕੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮੁਸਰੀਘਾੜੀ ਥਾਣਾ ਖੇਤਰ ਦੇ ਫਤਿਹਪੁਰ ਪਿੰਡ ਨੇੜੇ ਵਾਪਰੀ। ਮ੍ਰਿਤਕਾਂ ਦੀ ਪਛਾਣ ਸਵਾਤੀ ਪ੍ਰਿਆ (11) ਅਤੇ ਕ੍ਰਿਤਿਕਾ ਕੁਮਾਰੀ (10) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਵਿਦਿਆਰਥਣਾਂ ਸਕੂਲ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ।
ਮੁਸਰੀਗੜ੍ਹੀ ਥਾਣੇ ਦੇ ਇੰਚਾਰਜ ਫੈਜ਼ੁਲ ਅੰਸਾਰੀ ਨੇ ਕਿਹਾ, “ਚਸ਼ਮਦੀਦਾਂ ਮੁਤਾਬਕ, ਇਹ ਘਟਨਾ ਉਦੋਂ ਵਾਪਰੀ ਜਦੋਂ ਸ਼ਨੀਵਾਰ ਸਵੇਰੇ ਤਿੰਨ ਲੜਕੀਆਂ ਫਤਿਹਪੁਰ ਪਿੰਡ ਦੇ ਨੇੜੇ ਨੈਸ਼ਨਲ ਹਾਈਵੇਅ 28 ਨੂੰ ਪਾਰ ਕਰ ਰਹੀਆਂ ਸਨ ਕਿ ਉਨ੍ਹਾਂ ਨੂੰ ਪਿਕਅੱਪ ਵੈਨ ਨੇ ਟੱਕਰ ਮਾਰ ਦਿੱਤੀ।” ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤੀਜੀ ਲੜਕੀ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।