ਕੋਲਕਾਤਾ : ਪੱਛਮੀ ਬੰਗਾਲ ਦੇ ਨਾਦੀਆ ਅਤੇ ਜਲਪਾਈਗੁੜੀ ਜ਼ਿਲ੍ਹਿਆ ਵਿਚ ਬਿਜਲੀ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਚਾਰ ਹੋਰ ਲੋਕ ਜ਼ਖ਼ਮੀ ਹੋ ਗਏ। ਦੂਜੇ ਪਾਸੇ ਲਗਾਤਾਰ ਵੱਧ ਰਹੀ ਗਰਮੀ ਦੇ ਕਾਰਨ ਆਮ ਜਨਜੀਵਨ ਲਗਭਗ ਠੱਪ ਹੋ ਗਿਆ ਹੈ। ਲੋਕ ਤੇਜ਼ ਧੁੱਪ ਤੋਂ ਬਚਣ ਲਈ ਦਿਨ ਵੇਲੇ ਘਰ ਦੇ ਅੰਦਰ ਰਹਿਣ ਨੂੰ ਤਰਜੀਹ ਦੇ ਰਹੇ ਹਨ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਨਾਦੀਆ ਜ਼ਿਲ੍ਹੇ ਦੇ ਪ੍ਰਸ਼ਾਸਕੀ ਕਸਬੇ ਸ਼ਾਂਤੀਪੁਰ ਵਿਚ ਵੀਰਵਾਰ ਸ਼ਾਮ ਨੂੰ ਸੂਤਰਗੜ੍ਹ ਬਲਾਕ ਨੰਬਰ 10 ਵਿੱਚ ਬਿਜਲੀ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਝੁਲਸ ਗਿਆ। ਮ੍ਰਿਤਕਾਂ ਦੀ ਪਛਾਣ ਬਬਾਈ ਘੋਸ਼ ਅਤੇ ਕਾਸ਼ੀ ਘੋਸ਼ ਵਜੋਂ ਹੋਈ ਹੈ। ਜ਼ਖ਼ਮੀ ਪਗਲਾ ਸਾਧੂਖਾਨ ਨੂੰ ਕਈ ਥਾਵਾਂ ਤੋਂ ਜਲਣ ਕਾਰਨ ਸੰਤੀਪੁਰ ਸਟੇਟ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਅਚਾਨਕ ਮੀਂਹ ਪੈਣ ਤੋਂ ਬਾਅਦ ਤਿੰਨੇ ਇੱਕ ਬੋਹੜ ਦੇ ਦਰੱਖ਼ਤ ਹੇਠ ਪਨਾਹ ਲੈਣ ਲਈ ਖੜ੍ਹੇ ਹੋ ਗਏ, ਜਿਥੇ ਉਹਨਾਂ ‘ਤੇ ਬਿਜਲੀ ਡਿੱਗ ਪਈ।