ਪਟਿਆਲਾ- ਪਟਿਆਲਾ ਵਿੱਚ ਇਕ 18 ਸਾਲਾ ਕੁੜੀ ਦੇ ਇਸ਼ਕ ‘ਚ ਅੰਨ੍ਹੇ ਹੋਏ 32 ਸਾਲਾ ਵਿਅਕਤੀ ਨੇ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ। ਜਾਣਕਾਰੀ ਮੁਤਾਬਕ ਇਸ ਨਹਿਰ ‘ਚੋਂ ਇਕ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਸ਼ਨਾਖਤ ਲਈ ਪੁਲਸ ਤੇ ਗੋਤਾਖੋਰਾਂ ਦੀ ਟੀਮ ਇੱਥੇ ਹੀ ਮੌਜੂਦ ਸੀ। ਇਸ ਦੌਰਾਨ ਇਕ ਵਿਅਕਤੀ ਨੇ ਆ ਕੇ ਇਕ ਕਾਗਜ਼ ‘ਤੇ ਕੁਝ ਲਿਖਿਆ ਤੇ ਫ਼ਿਰ ਕੁਝ ਦੇਰ ਲਈ ਨਹਿਰ ਦੇ ਕੰਢੇ ਬੈਠ ਗਿਆ। ਇਸ ਮਗਰੋਂ ਉਸ ਨੇ ਅਚਾਨਕ ਨਹਿਰ ‘ਚ ਛਾਲ ਮਾਰ ਦਿੱਤੀ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਗੋਤਾਖੋਰਾਂ ਨੇ ਤੁਰੰਤ ਪਾਣੀ ‘ਚ ਉਤਰ ਕੇ ਉਸ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ। ਬਾਹਰ ਕੱਢੇ ਜਾਣ ਮਗਰੋਂ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ
ਉਸ ਨੇ ਦੱਸਿਆ ਕਿ ਉਸ ਦਾ ਵਿਆਹ ਨਹੀਂ ਹੋਇਆ, ਪਰ ਉਹ ਇਕ 18 ਸਾਲਾ ਕੁੜੀ ਨੂੰ ਪਿਆਰ ਕਰਦਾ ਹੈ ਤੇ ਉਸੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਪਰ ਉਸ ਕੁੜੀ ਦੇ ਘਰ ਦੇ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਹਨ, ਜਿਸ ਕਾਰਨ ਉਸ ਨੇ ਅੰਤ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਮਨ ਬਣਾ ਲਿਆ ਤੇ ਉਸ ਨੇ ਇਹ ਕਦਮ ਚੁੱਕਿਆ। ਉਸ ਨੇ ਅੱਗੇ ਦੱਸਿਆ ਕਿ ਉਹ 5 ਭੈਣਾਂ ਦਾ ਇਕਲੌਤਾ ਭਰਾ ਹੈ।