ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਚੱਲ ਰਹੇ ਮੁਕਾਬਲੇ ‘ਚ ਫ਼ੌਜ ਦੇ 4 ਜਵਾਨ ਅਤੇ ਇਕ ਪੁਲਸ ਅਧਿਕਾਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਆਦਿਗਾਮ ਦੇਵਸਰ ਕੁਲਗਾਮ ਵਿਚ ਤੜਕੇ ਮੁਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ ਸੁਰੱਖਿਆ ਦਸਤਿਆਂ ਦੀ ਸਾਂਝੀ ਟੀਮ ਨੇ ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਗਰੋਂ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਇਕ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਮੁਹਿੰਮ ਉਸ ਸਮੇਂ ਮੁਕਾਬਲੇ ਵਿਚ ਬਦਲ ਗਈ, ਜਦੋਂ ਲੁੱਕੇ ਹੋਏ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ ਫ਼ੌਜ ਦੇ 4 ਜਵਾਨ ਅਤੇ ਇਕ ASP ਜ਼ਖ਼ਮੀ ਹੋ ਗਏ।
ਜ਼ਖਮੀਆਂ ਨੂੰ ਤੁਰੰਤ ਮੈਡੀਕਲ ਸਹੂਲਤ ਲਈ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਮੁਕਾਬਲਾ ਸ਼ੁਰੂ ਹੋਣ ਦੇ ਤੁਰੰਤ ਬਾਅਦ ਘੇਰਾਬੰਦੀ ਯਕੀਨੀ ਕਰਨ ਲਈ ਵਾਧੂ ਬਲ ਤਾਇਨਾਤ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਦੋ ਅੱਤਵਾਦੀ ਇਲਾਕੇ ਵਿਚ ਲੁੱਕੇ ਹੋਏ ਹਨ। ਇਸ ਤੋਂ ਪਹਿਲਾਂ ‘ਐਕਸ’ ‘ਤੇ ਇਕ ਪੋਸਟ ਵਿਚ ਜੰਮੂ-ਕਸ਼ਮੀਰ ਪੁਲਸ ਨੇ ਦੱਸਿਆ ਸੀ ਕਿ ਕੁਲਗਾਮ ਦੇ ਆਦਿਗਾਮ ਦੇਵਸਰ ਇਲਾਕੇ ਵਿਚ ਮੁਕਾਬਲਾ ਸ਼ੁਰੂ ਹੋ ਗਿਆ ਹੈ। ਪੁਲਸ ਅਤੇ ਸੁਰੱਖਿਆ ਦਸਤੇ ਜੁੱਟੇ ਹੋਏ ਹਨ।