ਕਪੂਰਥਲਾ –ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 33 ਸਾਲਾ ਨੌਜਵਾਨ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ, ਜੋਕਿ ਕਪੂਰਥਲਾ ਦੇ ਪਿੰਡ ਮੰਡੇਰ ਬੇਟ ਦਾ ਵਸਨੀਕ ਸੀ ਅਤੇ ਕਰੀਬ 4 ਦਿਨ ਪਹਿਲਾਂ ਹੀ ਕੈਨੇਡਾ ਚੰਗੇ ਭਵਿੱਖ ਦੀ ਤਲਾਸ਼ ਵਿੱਚ ਗਿਆ ਸੀ, ਪੰਜਵੇਂ ਦਿਨ ਉਸ ਦੀ ਮੌਤ ਦੀ ਖ਼ਬਰ ਮਿਲ ਗਈ। ਜਿਵੇਂ ਹੀ ਇਹ ਖ਼ਬਰ ਪਿੰਡ ਵਿੱਚ ਪਹੁੰਚੀ ਤਾਂ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ।
12 ਤਾਰੀਖ਼ ਨੂੰ ਜਲੰਧਰ ਤੋਂ ਦਿੱਲੀ ਲਈ ਚਾਵਾਂ ਨਾਲ ਪੁੱਤ ਨੂੰ ਰਵਾਨਾ ਕੀਤਾ ਸੀ। ਆਖ਼ਰੀ ਗੱਲਬਾਤ ਪੁੱਤਰ ਦੇ ਨਾਲ ਹੀ 14 ਤਾਰੀਖ਼ ਨੂੰ ਹੋਈ ਸੀ, ਜਦੋਂ ਉਸ ਨੇ ਉਥੇ ਨਵਾਂ ਸਿਮ ਲਿਆ ਸੀ।
ਲੜਕੇ ਦੇ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਅਜੇ ਤਾਂ ਪਰਿਵਾਰ ਵਰਿੰਦਰ ਸਿੰਘ ਦੇ ਵਿਦੇਸ਼ ਜਾਣ ਦੀਆਂ ਖ਼ੁਸ਼ੀਆਂ ਮਨਾ ਰਿਹਾ ਸੀ ਤਾਂ ਉੱਪਰੋਂ ਇਹ ਮਨਹੂਸ ਖ਼ਬਰ ਪਹੁੰਚ ਗਈ। ਪਰਿਵਾਰ ਨੇ ਮ੍ਰਿਤਕ ਵਰਿੰਦਰ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਲਿਆਉਣ ਵਾਸਤੇ ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ।