ਨਿਊਜਰਸੀ – ਅਮਰੀਕੀ ਸਟੇਟ ਨਿਊ ਜਰਸੀ ਵਿੱਚ ਇੱਕ 35 ਸਾਲਾ ਭਾਰਤੀ ਵਿਅਕਤੀ ਦੀ ਮੌਤ ਦੇ ਸਬੰਧ ਵਿੱਚ ਗ੍ਰੀਨਵੁੱਡ ਇੰਡੀਆਨਾ ਰਾਜ ਦੇ ਰਹਿਣ ਵਾਲੇ 4 ਭਾਰਤੀ ਨੌਜਵਾਨਾਂ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। 35 ਸਾਲਾ ਕੁਲਦੀਪ ਕੁਮਾਰ ਦੀ ਮੌਤ ਦੇ ਸਬੰਧ ਵਿਚ ਸੌਰਵ ਕੁਮਾਰ (23), ਗੌਰਵ ਸਿੰਘ (27), ਨਿਰਮਲ ਸਿੰਘ (30) ਅਤੇ ਗੁਰਦੀਪ ਸਿੰਘ (22) ‘ਤੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗੇ ਹਨ। ਓਸ਼ੀਅਨ ਕਾਉਂਟੀ, ਨਿਊਜਰਸੀ ਦੇ ਪ੍ਰੌਸੀਕਿਊਟਰ ਅਨੁਸਾਰ ਲੰਘੀ 14 ਦਸੰਬਰ ਨੂੰ ਮੈਨਚੈਸਟਰ ਟਾਊਨਸ਼ਿਪ, ਨਿਊ ਜਰਸੀ ਵਿੱਚ ਗ੍ਰੀਨਵੁੱਡ ਵਾਈਲਡਲਾਈਫ ਮੈਨੇਜਮੈਂਟ ਖੇਤਰ ‘ਚੋਂ ਗਲੀ ਸੜੀ ਹਾਲਤ ਵਿੱਚ ਇਕ ਵਿਅਕਤੀ ਦੀ ਲਾਸ਼ ਮਿਲਣ ਸਬੰਧੀ ਸੂਚਨਾ ਮਿਲੀ ਸੀ।
ਕਾਉਂਟੀ ਦੇ ਮੈਡੀਕਲ ਜਾਂਚਕਰਤਾ ਦੇ ਦਫ਼ਤਰ ਨੇ ਇਹ ਸਿੱਟਾ ਕੱਢਿਆ ਕਿ ਵਿਅਕਤੀ ਦੀ ਮੌਤ ਛਾਤੀ ‘ਤੇ ਕਈ ਗੋਲੀਆਂ ਵੱਜਣ ਕਾਰਨ ਹੋਈ ਸੀ ਅਤੇ ਇਸ ਨੂੰ ਕਤਲ ਮੰਨਿਆ ਗਿਆ ਸੀ। ਐੱਫ.ਬੀ.ਆਈ. ਦੀ ਮਦਦ ਨਾਲ ਉਸ ਵਿਅਕਤੀ ਦੀ ਪਛਾਣ ਭਾਰਤੀ ਮੂਲ ਦੇ ਕੁਲਦੀਪ ਕੁਮਾਰ ਵਜੋਂ ਹੋਈ। 26 ਅਕਤੂਬਰ, 2024 ਨੂੰ ਪਰਿਵਾਰ ਦੇ ਇੱਕ ਮੈਂਬਰ ਨੇ ਕੁਮਾਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਾਈ ਸੀ। ਬਾਅਦ ਵਿਚ ਜਾਂਚ ਵਿਚ ਕੁਲਦੀਪ ਕੁਮਾਰ ਦੀ ਮੌਤ ‘ਚ ਸੌਰਵ ਕੁਮਾਰ, ਗੌਰਵ ਸਿੰਘ, ਨਿਰਮਲ ਸਿੰਘ ਅਤੇ ਗੁਰਦੀਪ ਸਿੰਘ ਦੀ ਸ਼ਮੂਲੀਅਤ ਪਾਈ ਗਈ।