ਬਠਿੰਡਾ: ਸਾਈਬਰ ਕ੍ਰਾਈਮ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਹਰ ਰੋਜ਼ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਇਸੇ ਤਰ੍ਹਾਂ ਦੇ ਇਕ ਮਾਮਲੇ ‘ਚ ਆਨਲਾਈਨ ਸ਼ਾਪਿੰਗ ਕਰਨ ਵਾਲੇ ਵਿਅਕਤੀ ਦੇ ਖ਼ਾਤੇ ’ਚੋਂ ਧੋਖੇਬਾਜ਼ਾਂ ਨੇ 42 ਹਜ਼ਾਰ ਰੁਪਏ ਉਡਾ ਲਏ। ਇਸ ਸਬੰਧੀ ਬਠਿੰਡਾ ਦੇ ਸਾਈਬਰ ਕ੍ਰਾਈਮ ਸੈੱਲ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਵਾਸੀ ਬਠਿੰਡਾ ਨੇ ਸਾਈਬਰ ਸੈੱਲ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਸ਼ਿਪ ਸਟਰੱਕ ਕੰਪਨੀ ਤੋਂ ਟਾਰਚ ਆਨਲਾਈਨ ਮੰਗਵਾਈ ਸੀ। ਜਦੋਂ ਉਸਨੂੰ ਟਾਰਚ ਪਸੰਦ ਨਹੀਂ ਆਈ ਤਾਂ ਉਸਨੇ ਇਸਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਅਤੇ ਕੰਪਨੀ ਦੇ ਕਸਟਮਰ ਕੇਅਰ ਨਾਲ ਗੱਲ ਕੀਤੀ। ਕੰਪਨੀ ਦੇ ਕਸਟਮਰ ਕੇਅਰ ਕਰਮਚਾਰੀ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਮੋਬਾਅਲ ਨੰਬਰ ਤੋਂ ਵਟਸਐਪ ’ਤੇ ਲਿੰਕ ਭੇਜਿਆ ਅਤੇ ਵਾਪਸੀ ਲਈ 5 ਰੁਪਏ ਦੇਣ ਲਈ ਕਿਹਾ।
ਉਸ ਨੇ ਉਕਤ ਲਿੰਕ ’ਤੇ ਕਲਿੱਕ ਕਰ ਕੇ 5 ਰੁਪਏ ਦੀ ਰਕਮ ਜਮ੍ਹਾਂ ਕਰਵਾ ਦਿੱਤੀ ਅਤੇ ਫਿਰ ਅੱਗੇ ਕਲਿੱਕ ਕੀਤਾ ਅਤੇ ਤੁਰੰਤ ਹੀ ਉਸ ਦੇ ਖ਼ਾਤੇ ’ਚੋਂ 5 ਰੁਪਏ ਦੀ ਬਜਾਏ 42 ਹਜ਼ਾਰ ਰੁਪਏ ਕਢਵਾ ਲਏ ਗਏ। ਬਾਅਦ ’ਚ ਜਦੋਂ ਉਕਤ ਨੰਬਰ ’ਤੇ ਸੰਪਰਕ ਕੀਤਾ ਤਾਂ ਕਿਸੇ ਨੇ ਨਹੀਂ ਚੁੱਕਿਆ। ਸਾਈਬਰ ਕ੍ਰਾਈਮ ਸੈੱਲ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।