ਸੁਲਤਾਨਪੁਰ ਲੋਧੀ-ਸੀਨੀਅਰ ਪੁਲਸ ਕਪਤਾਨ ਕਪੂਰਥਲਾ ਗੌਰਵ ਤੂਰਾ ਆਈ. ਪੀ. ਐੱਸ. ਵੱਲੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਸਰਬਜੀਤ ਰਾਏ ਐੱਸ. ਪੀ. (ਡੀ.) ਕਪੂਰਥਲਾ ਦੀ ਅਗਵਾਈ ਹੇਠ ਅਤੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਗੁਰਦੇਵ ਸਿੰਘ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਸੁਲਤਾਨਪੁਰ ਲੋਧੀ ਦੀ ਪੁਲਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਹਾਸਲ ਹੋਈ, ਜਦੋਂ ਏ. ਐੱਸ. ਆਈ. ਬਲਦੇਵ ਸਿੰਘ ਸਮੇਤ ਪੁਲਸ ਪਾਰਟੀ ਮੋਟਰ ਸਾਈਕਲ ਚੋਰੀ ਦੇ ਗਿਰੋਹ ਦੇ ਦੋ ਮੈਬਰ ਗੁਰਪ੍ਰੀਤ ਸਿੰਘ ਉਰਫ਼ ਬਿੱਟੂ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਖਿਆਲੀ, ਥਾਣਾ ਮੱਖੂ, ਜ਼ਿਲ੍ਹਾ ਫਿਰੋਜ਼ਪੁਰ ਅਤੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਜਸਵਿੰਦਰ ਸਿੰਘ ਵਾਸੀ ਸਿਲੇਵਿੰਡ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ ਦੋ ਚੋਰੀਸ਼ੁਦਾ ਮੋਟਰ ਸਾਈਕਲ ਬਰਾਮਦ ਕਰਕੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਮੋਟਰਸਾਈਕਲ ਚੋਰ ਗਿਰੋਹ ਦੇ 3 ਹੋਰ ਮੈਂਬਰ ਜਸਵਿੰਦਰ ਸਿੰਘ ਉਰਫ਼ ਬੂਟਾ ਪੁਤਰ ਸੋਹਣ ਸਿੰਘ ਵਾਸੀ ਪਿੰਡ ਖਿਆਲੀ, ਸੁਰਜੀਤ ਸਿੰਘ ਉਰਫ਼ ਲਾਡੀ ਪੁਤਰ ਕਰਨੈਲ ਸਿੰਘ ਵਾਸੀ ਪਿੰਡ ਵਾੜਾ ਕਾਲੀ ਰੌਣ ਅਤੇ ਲਵਪ੍ਰੀਤ ਸਿੰਘ ਉਰਫ਼ ਲੱਭੂ ਪੁਤਰ ਗੁਰਦੇਵ ਸਿੰਘ ਵਾਸੀ ਪਿੰਡ ਖਿਆਲੀ, ਥਾਣਾ ਮੱਖੂ (ਜ਼ਿਲਾ ਫਿਰੋਜ਼ਪੁਰ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ 10 ਵੱਖ-ਵੱਖ ਕੰਪਨੀਆਂ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।