ਜਲੰਧਰ —ਨਸ਼ੇ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਇਕ ਮਹੱਤਵਪੂਰਨ ਕਾਰਵਾਈ ਵਿੱਚ ਕਮਿਸ਼ਨਰੇਟ ਪੁਲਸ ਜਲੰਧਰ ਨੇ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਦੀ ਆਪਣੀ ਨਿਰੰਤਰ ਮੁਹਿੰਮ ਦੇ ਹਿੱਸੇ ਵਜੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ 5 ਕਿਲੋ 314 ਗ੍ਰਾਮ ਹੈਰੋਇਨ, 2 ਕਿਲੋ ਅਫ਼ੀਮ, 1 ਦੇਸੀ ਪਿਸਤੌਲ (.32 ਬੋਰ) ਅਤੇ 6 ਜ਼ਿੰਦਾ ਰੌਂਦ ਬਰਾਮਦ ਕੀਤੇ ।
ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ 1 ਜੁਲਾਈ 2025 ਨੂੰ ਕਰਾਈਮ ਬ੍ਰਾਂਚ ਦੀ ਇਕ ਟੀਮ ਨਾਖਾਂ ਵਾਲਾ ਬਾਗ ਚੌਂਕ ਭਾਰਗੋ ਕੈਂਪ ਤੋਂ ਦਸਮੇਸ਼ ਨਗਰ ਵੱਲ ਜਾ ਰਹੀ ਸੀ। ਇਸ ਦੌਰਾਨ ਪੁਲਸ ਟੀਮ ਨੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ, ਜਿਸ ਦੀ ਪਛਾਣ ਹਰਪਾਲ ਸਿੰਘ ਉਰਫ਼ ਪਾਲਾ ਪੁੱਤਰ ਬਲਬੀਰ ਸਿੰਘ, ਵਾਸੀ ਭੱਲਾ ਕਲੋਨੀ, ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ। ਪੁਲਸ ਟੀਮ ਨੇ ਉਸ ਕੋਲੋਂ 5 ਕਿਲੋ 56 ਗ੍ਰਾਮ ਹੈਰੋਇਨ ਬਰਾਮਦ ਕੀਤੀ। ਨਤੀਜੇ ਵਜੋਂ ਮੁਕੱਦਮਾ ਨੰਬਰ 100 ਮਿਤੀ 2 ਜੁਲਾਈ, ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21ਸੀ, 61 ਅਤੇ 85 ਦੇ ਤਹਿਤ ਜਲੰਧਰ ਵਿਖੇ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੋਸ਼ੀ ਵਿਰੁੱਧ ਪਹਿਲਾਂ ਹੀ ਅੰਮ੍ਰਿਤਸਰ ਸ਼ਹਿਰ ‘ਚ ਇਕ ਮੁਕੱਦਮਾ ਦਰਜ ਹੈ।