ਸਰਗੁਜਾ- ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ‘ਚ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇੱਥੋਂ ਦੇ ਉਦੈਪੁਰ ਇਲਾਕੇ ਦੇ ਗੁਮਗਾ ਵਿਚ ਸਕੋਡਾ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਵਿਚ 5 ਦੋਸਤਾਂ ਦੀ ਮੌਤ ਹੋ ਗਈ। ਟਰੱਕ ਅਤੇ ਕਾਰ ਦੀ ਟੱਕਰ ਮਗਰੋਂ ਕਾਰ ਵਿਚ ਸਵਾਰ 4 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਬੇਹੱਦ ਨਾਜ਼ੁਕ ਸੀ, ਜਿਸ ਦੀ ਮੈਡੀਕਲ ਕਾਲਜ ਲੈ ਜਾਂਦੇ ਸਮੇਂ ਰਾਹ ਵਿਚ ਹੀ ਮੌਤ ਹੋ ਗਈ।
ਸਕੋਡਾ ਸਵਾਰਾਂ ਦੀ ਪਛਾਣ ਰਾਏਪੁਰ ਵਾਸੀ ਵਜੋਂ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਸਕੋਡਾ ਕਾਰ ‘ਚ ਸਵਾਰ ਤਿੰਨ ਨੌਜਵਾਨਾਂ ਦੇ ਨਾਂ ਦਿਨੇਸ਼ ਸਾਹੂ, ਸੰਜੀਵ ਅਤੇ ਰਾਹੁਲ ਦੱਸੇ ਗਏ ਹਨ। ਜਦਕਿ ਦੋ ਹੋਰਾਂ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਮੋਹਰੇ ਤੋਂ ਪੂਰੀ ਤਰ੍ਹਾਂ ਨੁਕਸਾਨੀ ਗਈ। ਕਾਰ ਦੇ ਅੰਦਰ ਬੁਰੀ ਤਰ੍ਹਾਂ ਫਸੇ ਨੌਜਵਾਨਾਂ ਨੂੰ ਉਦੋਂ ਹੀ ਕੱਢਿਆ ਜਾ ਸਕਿਆ, ਜਦੋਂ ਕਾਰ ਨੂੰ ਕਟਰ ਨਾਲ ਕੱਟਿਆ ਗਿਆ।
ਇਹ ਘਟਨਾ ਨੈਸ਼ਨਲ ਹਾਈਵੇ-130 ‘ਤੇ ਪਿੰਡ ਗੁਮਗਾ ਵਿਖੇ ਵਾਪਰੀ। ਅੱਜ ਸਵੇਰੇ 5 ਵਜੇ ਅਡਾਨੀ ਗੈਸਟ ਹਾਊਸ ਕੋਲ ਉਦੈਪੁਰ ਨੇੜੇ ਰਾਏਪੁਰ ਤੋਂ ਅੰਬਿਕਾਪੁਰ ਜਾ ਰਹੀ ਇਕ ਤੇਜ਼ ਰਫ਼ਤਾਰ ਕਾਰ ਇਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਅਜੇ ਤੱਕ ਸਾਰੇ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਉਦੈਪੁਰ ਥਾਣਾ ਇੰਚਾਰਜ ਕੁਮਾਰੀ ਚੰਦਰਾਕਰ ਨੇ ਦੱਸਿਆ ਕਿ ਸਾਰੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਮਿਊਨਿਟੀ ਹੈਲਥ ਸੈਂਟਰ, ਉਦੈਪੁਰ ‘ਚ ਰੱਖਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।