ਨਿਊਯਾਰਕ – ਬੀਤੇ ਦਿਨ ਅਮਰੀਕਾ ਦੇ ਜਾਰਜੀਆ ਵਿੱਚ ਸਥਾਨਕ ਪੁਲਸ ਨੇ ਪੰਜ ਗੁਜਰਾਤੀ-ਭਾਰਤੀ ਲੋਕਾਂ ਨੂੰ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਢੰਗ ਨਾਲ ਗੇਮਿੰਗ ਮਸ਼ੀਨਾਂ ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ। ਗਲੇਨ ਕਾਉਂਟੀ ਪੁਲਸ ਵਿਭਾਗ ਅਨੁਸਾਰ ਬਰੰਸਵਿਕ ਵਿੱਚ ਚੱਲ ਰਹੇ ਕੁੱਲ ਛੇ ਵੱਖ-ਵੱਖ ਕਾਰੋਬਾਰਾਂ ‘ਤੇ ਪੁਲਸ ਵਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਪੰਜ ਗੁਜਰਾਤੀ-ਭਾਰਤੀਆਂ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਹਾਲਾਂਕਿ ਪੁਲਸ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਕਾਰੋਬਾਰ ਦੇ ਮਾਲਕ ਹਨ ਜਾਂ ਕਰਮਚਾਰੀ। ਦੱਸਣਯੋਗ ਹੈ ਕਿ ਸਿੱਕਿਆਂ ਦੇ ਨਾਲ ਚੱਲਣ ਵਾਲੀਆਂ ਮਨੋਰੰਜਨ ਮਸ਼ੀਨਾਂ ਚਲਾਉਣ ਵਿੱਚ ਸ਼ਾਮਲ ਇਹ ਸਾਰੇ ਲੋਕ ਗੈਰ-ਕਾਨੂੰਨੀ ਨਕਦੀ ਵੰਡ ਦੇ ਦੋਸ਼ੀ ਪਾਏ ਗਏ ਹਨ। ਜ਼ਿਆਦਾਤਰ ਅਜਿਹੇ ਮਾਮਲਿਆਂ ਵਿੱਚ ਨਾ ਸਿਰਫ਼ ਸਟੋਰ ਮਾਲਕ ‘ਤੇ ਮੁਕੱਦਮਾ ਚਲਾਇਆ ਜਾਂਦਾ ਹੈ, ਸਗੋਂ ਉੱਥੇ ਕੰਮ ਕਰਨ ਵਾਲੇ ਵਿਅਕਤੀ ਨੂੰ ਵੀ ਜੇਲ੍ਹ ਜਾਣਾ ਪੈ ਸਕਦਾ ਹੈ।