ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਤਵਾਦੀ ਲਖਬੀਰ ਲੰਡਾ ਦੇ 5 ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੋਸ਼ੀਆਂ ਕੋਲੋਂ 4 ਵਿਦੇਸ਼ੀ ਪਿਸਤੌਲ, ਇਕ ਰਿਵਾਲਵਰ, 2 ਮੈਗਜ਼ੀਨ ਅਤੇ 2 ਕਾਰਤੂਸ ਬਰਾਮਦ ਕੀਤੇ ਹਨ। ਮਾਮਲੇ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਐਕਸ ‘ਤੇ ਪੋਸਟ ਕਰਕੇ ਦਿੱਤੀ ਗਈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਲਿਆ ਕੇ ਪੰਜਾਬ ਦੇ ਵੱਖ-ਵੱਖ ਰਾਜਾਂ ’ਚ ਨਸ਼ਾ ਸਪਲਾਈ, ਕਤਲ ਅਤੇ ਫਿਰੌਤੀ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਦਰਜ਼ਨਾਂ ਕੇਸ ਦਰਜ਼ ਹਨ। ਦਰਅਸਲ ਸਿਟੀ ਪੁਲਿਸ ਵੱਲੋਂ ਲੰਬੇ ਸਮੇਂ ਤੋਂ ਹਰ ਕਿਸੇ ਦੀਆਂ ਅਪਰਾਧਿਕ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਜਿਸ ਦੇ ਆਧਾਰ ‘ਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਜਦੋਂ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਕੁਝ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਭੁਪਿੰਦਰ ਸਿੰਘ ਉਰਫ਼ ਬੰਟੀ ਅਤੇ ਜਗਰੂਪ ਸਿੰਘ ਉਰਫ਼ ਜੋਪਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿੰਨ੍ਹਾਂ ਦੀ ਹੋਰ ਪੁੱਛਗਿੱਛ ਦੇ ਆਧਾਰ ‘ਤੇ ਪੁਲਿਸ ਨੇ ਲੰਡਾ ਗਿਰੋਹ ਦੇ ਪੰਜ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਜਸ਼ਨਪ੍ਰੀਤ ਸਿੰਘ ਉਰਫ਼ ਕਾਲਾ ਵਾਸੀ ਪਿੰਡ ਰੋੜੀਵਾਲ, ਗੁਰਸ਼ਰਨ ਸਿੰਘ ਵਾਸੀ ਪਿੰਡ ਰੋੜੀਵਾਲ, ਹਰਮਨਜੀਤ ਸਿੰਘ ਉਰਫ਼ ਹਰਮਨ ਵਾਸੀ ਪਿੰਡ ਟਾਂਡਾ, ਗੁਰਬਾਜ ਸਿੰਘ ਪਿੰਡ ਗੰਟੀ ਥੜ੍ਹ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਰੋੜੀਵਾਲ ਵਜੋਂ ਹੋਈ ਹੈ। ਇਸ ਦੇ ਨਾਲ ਹੀ ਸਵਪਨ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ 30 ਬੋਰ ਦੇ ਤਿੰਨ ਪਿਸਤੌਲ, 32 ਬੋਰ ਦਾ ਇੱਕ ਰਿਵਾਲਵਰ ਅਤੇ ਦੋ ਕਾਰਤੂਸ ਬਰਾਮਦ ਕੀਤਾ ਗਿਆ ਹੈ।