ਕਾਨਪੁਰ/ਵਾਰਾਣਸੀ – ਕੋਡੀਨਯੁਕਤ ਕਫ਼ ਸਿਰਪ ਸਮੱਗਲਿੰਗ ਮਾਮਲੇ ’ਚ ਵਾਰਾਣਸੀ ਕਮਿਸ਼ਨਰੇਟ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਕਥਿਤ ਮਾਸਟਰ ਮਾਈਂਡ ਵਿਨੋਦ ਅਗਰਵਾਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ 5 ਜਾਇਦਾਦਾਂ ਫ੍ਰੀਜ਼ ਕਰ ਦਿੱਤੀਆਂ। ਇਨ੍ਹਾਂ ’ਚ 4 ਅਚੱਲ ਜਾਇਦਾਦਾਂ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਇਕ ਖਾਤਾ ਸ਼ਾਮਲ ਹੈ। ਪੁਲਸ ਦੇ ਅਨੁਸਾਰ ਇਹ ਜਾਇਦਾਦਾਂ ਨਾਜਾਇਜ਼ ਕਮਾਈ ਨਾਲ ਬਣਾਈਆਂ ਗਈਆਂ ਸਨ।ਏ. ਸੀ. ਪੀ. ਵਿਦੂਸ਼ ਸਕਸੈਨਾ ਦੀ ਅਗਵਾਈ ’ਚ ਪਹੁੰਚੀ ਟੀਮ ਨੇ ਗਵਾਲਟੋਲੀ ਥਾਣਾ ਖੇਤਰ ਦੇ ਸਿਵਲ ਲਾਈਨਜ਼ ਸਥਿਤ ਗੋਪਾਲ ਵਿਹਾਰ ਸੁਸਾਇਟੀ ਦੇ 2 ਪਲਾਟ, ਚਕੇਰੀ ਦੇ ਦਹੇਲੀ ਸੁਜਾਨਪੁਰ ’ਚ ਇਕ ਜਾਇਦਾਦ ਅਤੇ ਜਾਜਮਊ ’ਚ ਇਕ ਹੋਰ ਅਚੱਲ ਜਾਇਦਾਦ ਨੂੰ ਧਾਰਾ 68-ਐੱਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਫ੍ਰੀਜ਼ ਕੀਤਾ। ਨਾਲ ਹੀ ਬਿਰਹਾਨਾ ਰੋਡ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਖਾਤੇ ’ਚ ਜਮ੍ਹਾ ਕਰੀਬ 37 ਲੱਖ ਰੁਪਏ ਵੀ ਸੀਜ਼ ਕਰ ਦਿੱਤੇ ਗਏ ਹਨ।
ਇਨ੍ਹਾਂ ਜਾਇਦਾਦਾਂ ਦੀ ਵਿਕਰੀ, ਵਰਤੋਂ ਅਤੇ ਵਟਾਂਦਰਾ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ।ਜਾਂਚ ’ਚ ਸਾਹਮਣੇ ਆਇਆ ਹੈ ਕਿ ਵਿਨੋਦ ਅਗਰਵਾਲ ਦੂਜੀਆਂ ਕੰਪਨੀਆਂ ਤੋਂ ਐਸਕਫ਼ ਡੀਐਕਸ ਨਾਮੀ ਕਫ਼ ਸਿਰਪ ਖ਼ਰੀਦ ਕੇ ਫ਼ਰਜ਼ੀ ਫਰਮਾਂ ਰਾਹੀਂ ਸਪਲਾਈ ਦਿਖਾਉਂਦੇ ਹੋਏ ਸਮੱਗਲਿੰਗ ਕਰਦਾ ਸੀ। ਕਾਨਪੁਰ ਦੇ ਕਲੈਕਟਰਗੰਜ ਥਾਣੇ ’ਚ ਉਸ ਦੇ ਖ਼ਿਲਾਫ ਮੁਕੱਦਮਾ ਦਰਜ ਹੈ। ਪੁਲਸ ਦੇ ਅਨੁਸਾਰ 21 ਫਰਮਾਂ ਰਾਹੀਂ ਕਰੋੜਾਂ ਰੁਪਏ ਦਾ ਮਾਲ ਖਪਾਇਆ ਗਿਆ। ਮਾਮਲੇ ’ਚ ਮੇਰਠ, ਪ੍ਰਯਾਗਰਾਜ ਅਤੇ ਵਾਰਾਣਸੀ ਸਮੇਤ ਕਈ ਜ਼ਿਲਿਆਂ ਦੀਆਂ ਫਰਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

