ਜਲੰਧਰ – ਕਾਲੀਆ ਕਾਲੋਨੀ ਦੇ ਨਾਲ ਲੱਗਦੇ ਗੁਰੂ ਅਮਰਦਾਸ ਨਗਰ ਐਕਸਟੈਂਸ਼ਨ ’ਚ ਅੱਜ ਦਿਨ ਚੜ੍ਹਦੇ ਹੀ 5 ਲੁਟੇਰਿਆਂ ਨੇ ਇਕ ਜਿਊਲਰਜ਼ ਦੀ ਦੁਕਾਨ ਲੁੱਟ ਲਈ। ਇਸ ਲੁੱਟ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਦੁਕਾਨ ਮਾਲਕ ਦੀ ਕੁੱਟਮਾਰ ਕਰ ਕੇ ਉਸ ਦੀ ਜੇਬ ’ਚੋਂ ਪਰਸ ਅਤੇ ਸੋਨੇ ਦਾ ਸਿੱਕਾ ਵੀ ਕੱਢ ਲਿਆ। ਦੁਕਾਨ ਮਾਲਕ ਅਨੁਸਾਰ ਲੁਟੇਰੇ 5 ਲੱਖ ਰੁਪਏ ਦੀ ਨਕਦੀ ਵੀ ਲੁੱਟ ਕੇ ਫਰਾਰ ਹੋ ਗਏ। ਸਵਾ 8 ਵਜੇ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਏ. ਸੀ. ਪੀ. ਉੱਤਰੀ ਰਿਸ਼ਭ ਭੋਲਾ ਅਤੇ ਸਟੇਸ਼ਨ ਇੰਚਾਰਜ ਅਜੈਬ ਸਿੰਘ ਨੇ ਜਾਂਚ ਸ਼ੁਰੂ ਕੀਤੀ।
ਗੁਰੂ ਅਮਰਦਾਸ ਨਗਰ ਐਕਸਟੈਂਸ਼ਨ ਵਿਚ ਮਾਤਾ ਵੈਸ਼ਨੋ ਦੇਵੀ ਮੰਦਰ ਕੋਲ ਸਥਿਤ ਜੇ. ਐੱਮ. ਡੀ. ਜਿਊਲਰਜ਼ ਦੇ ਮਾਲਕ ਕਸ਼ਿਸ਼ ਨੇ ਦੱਸਿਆ ਕਿ ਉਹ ਦੁਕਾਨ ਤੋਂ ਥੋੜ੍ਹੀ ਦੂਰੀ ’ਤੇ ਰਹਿੰਦਾ ਹੈ। ਰੋਜ਼ ਵਾਂਗ ਉਹ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਦੁਕਾਨ ’ਤੇ ਕੰਮ ਕਰ ਰਿਹਾ ਸੀ। ਇਸੇ ਦੌਰਾਨ ਦੋ ਨੌਜਵਾਨ ਅੰਦਰ ਆਏ। ਇਸ ਤੋਂ ਪਹਿਲਾਂ ਕਿ ਕਸ਼ਿਸ਼ ਕੁਝ ਸਮਝਦਾ, ਇਕ ਲੁਟੇਰਾ ਕਾਊਂਟਰ ਦੇ ਅੰਦਰ ਆਇਆ ਅਤੇ ਉਸ ਨੂੰ ਬੰਦੂਕ ਦੀ ਨੋਕ ’ਤੇ ਦੁਕਾਨ ਦੇ ਅੰਦਰ ਲੈ ਗਿਆ।
ਉਸ ਦੀ ਕੁੱਟਮਾਰ ਕਰ ਕੇ ਬੰਦੂਕ ਦਿਖਾ ਕੇ ਰੌਲਾ ਪਾਉਣ ’ਤੇ ਮਾਰਨ ਦੀ ਧਮਕੀ ਦਿੱਤੀ। ਪੀੜਤ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਉਸ ਦੀ ਜੇਬ ’ਚੋਂ ਉਸ ਦਾ ਪਰਸ ਅਤੇ ਇਕ ਵੀਹ ਗ੍ਰਾਮ ਸੋਨੇ ਦਾ ਸਿੱਕਾ ਕੱਢ ਲਿਆ।
ਇਸ ਦੌਰਾਨ ਬਾਹਰ ਖੜ੍ਹੇ ਤਿੰਨ ਲੁਟੇਰੇ ਵੀ ਆ ਗਏ। ਸਾਰਿਆਂ ਨੇ ਨਕਾਬ ਪਾਇਆ ਹੋਇਆ ਸੀ। ਲੁਟੇਰਿਆਂ ’ਚੋਂ ਇਕ ਕੋਲ ਪਿਸਤੌਲ ਵੀ ਸੀ। ਲੁਟੇਰਿਆਂ ਨੇ ਕਸ਼ਿਸ਼ ਨੂੰ ਬੰਦੂਕ ਦੀ ਨੋਕ ’ਤੇ ਰੱਖਿਆ ਅਤੇ ਕਾਊਂਟਰ ’ਤੇ ਪਈ ਕਰੀਬ 50 ਹਜ਼ਾਰ ਰੁਪਏ ਦੀ ਨਕਦੀ, ਸੋਨੇ ਤੇ ਚਾਂਦੀ ਦੇ ਗਹਿਣੇ ਲੁੱਟ ਕੇ ਵੱਖ-ਵੱਖ ਦਿਸ਼ਾਵਾਂ ਵੱਲ ਭੱਜ ਗਏ।