ਭੁਜ –ਗੁਜਰਾਤ ਦੇ ਕੱਛ ਜ਼ਿਲ੍ਹੇ ‘ਚ ਇਕ ਏਗ੍ਰੋਟੇਕ ਕੰਪਨੀ ‘ਚ ਬੁੱਧਵਾਰ ਤੜਕੇ ਗੰਦੇ ਪਾਣੀ ਵਾਲੇ ਟੈਂਕ ਦੀ ਸਫ਼ਾਈ ਕਰਦੇ ਸਮੇਂ ਦਮ ਘੁੱਟਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 30 ਸਾਲ ਦੇ ਨੇੜੇ-ਤੇੜੇ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕੱਛ (ਪੂਰਬ) ਦੇ ਪੁਲਸ ਸੁਪਰਡੈਂਟ ਸਾਗਰ ਬਾਗਮਾਰ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 1 ਵਜੇ ਵਾਪਰੀ, ਜਦੋਂ ਮਜ਼ਦੂਰ ਕੰਪਨੀ ਦੇ ਰਹਿੰਦ-ਖੂੰਹਦ ਪਲਾਂਟ ਦੀ ਸਫ਼ਾਈ ਕਰ ਰਹੇ ਸਨ।
ਬਾਗਮਾਰ ਨੇ ਦੱਸਿਆ,”ਜਦੋਂ ਇਕ ਮਜ਼ਦੂਰ ਚਿੱਕੜ ਹਟਾਉਣ ਲਈ ਟੈਂਕ ‘ਚ ਗਿਆ ਤਾਂ ਉਹ ਬੇਹੋਸ਼ ਹੋ ਗਿਆ। ਉਸ ਨੂੰ ਬਚਾਉਣ ਲਈ 2 ਹੋਰ ਮਜ਼ਦੂਰ ਟੈਂਕ ਦੇ ਅੰਦਰ ਗਏ ਪਰ ਉਹ ਵੀ ਬੇਹੋਸ਼ ਹੋ ਗਏ। 2 ਹੋਰ ਮਜ਼ਦੂਰ ਵੀ ਉਸ ਦੇ ਪਿੱਛੇ ਗਏ ਅਤੇ ਸਾਰਿਆਂ ਦੀ ਮੌਤ ਹੋ ਗਈ।” ਉਨ੍ਹਾਂ ਦੱਸਿਆ ਕਿ ਕਾਂਡਲਾ ਪੁਲਸ ਸਟੇਸ਼ਨ ‘ਚ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਕਾਂਡਲਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਤੇਲ ਅਤੇ ਬਾਓਡੀਜਲ ਦੇ ਉਤਪਾਦਨ ‘ਚ ਲੱਗੀ ਫਰਮ ‘ਇਮਾਮੀ ਏਗ੍ਰੋਟੇਕ’ ‘ਚ ਵਾਪਰਿਆ। ਪੁਲਸ ਨੇ ਪੀੜਤਾਂ ਦੀ ਪਛਾਣ ਸਿਧਾਰਥ ਤਿਵਾੜੀ, ਅਜਮਤ ਖਾਨ, ਆਸ਼ੀਸ਼ ਗੁਪਤਾ, ਆਸ਼ੀਸ਼ ਕੁਮਾਰ ਅਤੇ ਸੰਜੇ ਠਾਕੁਰ ਵਜੋਂ ਕੀਤੀ ਹੈ।