ਕੋਲੰਬੋ – ਸ਼੍ਰੀਲੰਕਾ ਵਿੱਚ ਇੱਕ ਜੰਗਲੀ ਜੀਵ ਅਸਥਾਨ ਨੇੜੇ ਇੱਕ ਯਾਤਰੀ ਟਰੇਨ ਦੇ ਹਾਥੀਆਂ ਦੇ ਝੁੰਡ ਨਾਲ ਟਕਰਾਉਣ ਕਾਰਨ ਘੱਟੋ-ਘੱਟ 6 ਹਾਥੀਆਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਜੰਗਲੀ ਜੀਵ ਵਿਭਾਗ ਦੇ ਬੁਲਾਰੇ ਹਸੀਨੀ ਸਾਰਥਚੰਦਰ ਨੇ ਕਿਹਾ ਕਿ ਰਾਜਧਾਨੀ ਕੋਲੰਬੋ ਤੋਂ ਲਗਭਗ 200 ਕਿਲੋਮੀਟਰ ਦੂਰ ਮਿਨੇਰੀਆ ਨੇੜੇ ਹੋਈ ਟੱਕਰ ਵਿੱਚ 4 ਬੱਚੇ ਹਾਥੀ ਅਤੇ 2 ਬਾਲਗ ਹਾਥੀ ਮਾਰੇ ਗਏ। ਇਹ ਇਲਾਕਾ ਆਪਣੇ ਕੁਦਰਤੀ ਪਾਰਕਾਂ ਅਤੇ ਜੰਗਲੀ ਜੀਵਾਂ ਲਈ ਮਸ਼ਹੂਰ ਹੈ। ਸਥਾਨਕ ਟੈਲੀਵਿਜ਼ਨ ਚੈਨਲਾਂ ‘ਤੇ ਦਿਖਾਈਆਂ ਗਈਆਂ ਤਸਵੀਰਾਂ ਵਿੱਚ ਟੱਕਰ ਤੋਂ ਬਾਅਦ ਟਰੇਨ ਦਾ ਇੰਜਣ ਅਤੇ ਕਈ ਡੱਬੇ ਪਟੜੀ ਤੋਂ ਉਤਰਦੇ ਦਿਖਾਈ ਦਿੱਤੇ।
ਇੱਕ ਰੇਲਵੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਹੈ। ਸ਼ਰਤਚੰਦਰ ਨੇ ਕਿਹਾ ਕਿ ਜੰਗਲੀ ਜੀਵ ਵਿਭਾਗ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।