ਜਲੰਧਰ–ਰਾਹੁਲ ਗਾਂਧੀ ਵੱਲੋਂ ਯੂਥ ਕਾਂਗਰਸ ਵਿਚ ਜਥੇਬੰਦਕ ਚੋਣਾਂ ਦੇ ਸ਼ੁਰੂ ਕੀਤੇ ਸਿਲਸਿਲੇ ਦੇ ਨਤੀਜੇ ਅੱਜ ਪੂਰੀ ਤਰ੍ਹਾਂ ਨਾਲ ਹਾਸ਼ੀਏ ਤਕ ਆ ਪਹੁੰਚੇ ਹਨ। ਇਹੀ ਕਾਰਨ ਹੈ ਕਿ ਕਦੀ ਸਿਆਸੀ ਸੁਰਖ਼ੀਆਂ ਵਿਚ ਬਣੀ ਰਹਿਣ ਵਾਲੀ ਯੂਥ ਕਾਂਗਰਸ ਦਾ ਗ੍ਰਾਫ਼ ਲਗਾਤਾਰ ਧਰਾਤਲ ’ਤੇ ਡਿੱਗਦਾ ਜਾ ਰਿਹਾ ਹੈ। ਵੇਖਣ ਵਿਚ ਆਇਆ ਹੈ ਕਿ ਯੂਥ ਕਾਂਗਰਸ ਦੀ ਚੋਣ ਲੜਨ ਦੌਰਾਨ ਧਨ-ਬਲ ਦਾ ਸਹਾਰਾ ਲੈਣ ਵਾਲੇ ਨੌਜਵਾਨ ਚੋਣ ਜਿੱਤ ਹਾਸਲ ਕਰਕੇ ਘਰਾਂ ਵਿਚ ਜਾ ਬੈਠੇ ਹਨ ਅਤੇ ਵਧੇਰੇ ਕਰਕੇ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਨੂੰ ਸਿਰਫ਼ ਨਿੱਜੀ ਲਾਭ ਉਠਾਉਣ ਤਕ ਸੀਮਤ ਰੱਖਦੇ ਹੋਏ ਪਾਰਟੀ ਦੇ ਪ੍ਰੋਗਰਾਮਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੋਇਆ ਹੈ।
ਪਰ ਹਾਸ਼ੀਏ ’ਤੇ ਪਹੁੰਚ ਚੁੱਕੀ ਯੂਥ ਕਾਂਗਰਸ ਦਾ ਸੰਗਠਨ ਪੰਜਾਬ ਵਿਚ ਕਿੰਨਾ ਖੋਖਲਾ ਹੋ ਚੁੱਕਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੀ 20 ਫਰਵਰੀ ਨੂੰ ਪੰਜਾਬ ਯੂਥ ਕਾਂਗਰਸ ਵੱਲੋਂ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿੱਬ ਦੀ ਚੰਡੀਗੜ੍ਹ ਵਿਚ ਪਹਿਲੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਵਿਚ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ 65 ਹਲਕਾ ਪ੍ਰਧਾਨ, ਜਿਨ੍ਹਾਂ ਵਿਚ 2 ਵਿਧਾਨ ਸਭਾ ਹਲਕਿਆਂ ਦੇ ਮੀਤ ਪ੍ਰਧਾਨ ਵੀ ਸ਼ਾਮਲ ਹਨ, ਇਨ੍ਹਾਂ ਵਿਚ ਕੈਂਟ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਬੌਬ ਮਲਹੋਤਰਾ, ਸੈਂਟਰਲ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਸ਼ਿਵਮ ਪਾਠਕ ਅਤੇ ਉੱਤਰੀ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਦਮਨ ਕੁਮਾਰ ਸਮੇਤ 65 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਕਾਰਜਕਾਰਨੀ ਦੀ ਮੀਟਿੰਗ ਵਿਚੋਂ ਗੈਰ-ਹਾਜ਼ਰ ਰਹੇ।
ਇਸੇ ਕਾਰਨ ਪੰਜਾਬ ਯੂਥ ਕਾਂਗਰਸ ਨੇ ਵੀ ਹੁਣ ਇਕ ਵਾਰ ਫਿਰ ਤੋਂ ਤਲਖ਼ ਤੇਵਰ ਵਿਖਾਉਂਦੇ ਹੋਏ ਸੂਬੇ ਭਰ ਦੇ 65 ਵਿਧਾਨ ਸਭਾ ਹਲਕਿਆਂ ਦੇ ਆਗੂਆਂ ਨੂੰ ਸ਼ੋਅਕਾਜ਼ (ਕਾਰਨ ਦੱਸੋ) ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਕੋਲੋਂ ਗੈਰ-ਹਾਜ਼ਰ ਰਹਿਣ ਸਬੰਧੀ ਜਵਾਬ ਮੰਗਿਆ ਹੈ। ਰਿਸ਼ੇਂਦਰ ਸਿੰਘ ਮਹਾਰ ਇੰਚਾਰਜ ਪੰਜਾਬ ਯੂਥ ਨੇ ਕਾਂਗਰਸ ਦੇ ਸਾਰੇ ਹਲਕਾ ਪ੍ਰਧਾਨਾਂ ਦੇ ਨਾਂ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਗੈਰ-ਹਾਜ਼ਰ ਰਹਿਣ ਵਾਲਾ ਹਰੇਕ ਪ੍ਰਧਾਨ 24 ਘੰਟਿਆਂ ਅੰਦਰ ਆਪਣਾ ਜਵਾਬ ਦੇਵੇ।