ਨਵੀਂ ਦਿੱਲੀ- ਦਿੱਲੀ ‘ਚ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ 7 ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਵਿਧਾਇਕ ਚੋਣਾਂ ਲਈ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਸਨ ਅਤੇ ਹੋਰ ਪਾਰਟੀਆਂ ਦੇ ਸੰਪਰਕ ਵਿਚ ਸਨ। ਕੁਝ ਵਿਧਾਇਕਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਅਸਤੀਫ਼ੇ ਸਾਂਝੇ ਕੀਤੇ ਅਤੇ ਭ੍ਰਿਸ਼ਟਾਚਾਰ ਅਤੇ ਹੋਰ ਮੁੱਦਿਆਂ ‘ਤੇ ‘ਆਪ’ ਨੂੰ ਨਿਸ਼ਾਨਾ ਬਣਾਇਆ।
ਕਸਤੂਰਬਾ ਨਗਰ ਤੋਂ ਮੌਜੂਦਾ ਵਿਧਾਇਕ ਮਦਨ ਲਾਲ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਪਾਰਟੀ ਦੇ 6 ਹੋਰ ਵਿਧਾਇਕਾਂ ਨੇ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਮਦਨ ਨੇ ਕਿਹਾ ਕਿ ਉਨ੍ਹਾਂ ਆਪਣਾ ਅਸਤੀਫ਼ਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੂੰ ਵੀ ਭੇਜ ਦਿੱਤਾ ਹੈ। ਅਸਤੀਫਾ ਦੇਣ ਵਾਲੇ ‘ਆਪ’ ਵਿਧਾਇਕਾਂ ਵਿਚ ਭਾਵਨਾ ਗੌੜ (ਪਾਲਮ), ਨਰੇਸ਼ ਯਾਦਵ (ਮਹਿਰੌਲੀ), ਰੋਹਿਤ ਮਹਿਰੌਲੀਆ (ਤ੍ਰਿਲੋਕਪੁਰੀ) ਅਤੇ ਪਵਨ ਸ਼ਰਮਾ (ਆਦਰਸ਼ ਨਗਰ) ਸ਼ਾਮਲ ਹਨ। ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ ਲਈ ਵੋਟਾਂ 5 ਫਰਵਰੀ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ।