ਚੰਡੀਗੜ੍ਹ : ਪੰਜਾਬ ਵਿੱਚ ਸ਼ਨੀਵਾਰ ਸਵੇਰ ਤੋਂ ਪੋਲਿੰਗ ਸ਼ੁਰੂ ਹੋਣੀ ਹੈ ਪਰ ਇਸ ਤੋਂ ਐਨ ਪਹਿਲਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਮੁਤਾਬਕ ਹੁਣ ਸੂਬੇ ਅੰਦਰ ਹੋ ਰਹੀਆਂ ਨਿਗਮ ਚੋਣਾਂ ‘ਤੇ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਇਸ ਫੈਸਲੇ ਮੁਤਾਬਕ ਪਟਿਆਲਾ ਨਗਰ ਨਿਗਮ ਚੋਣਾਂ ਫਿਲਹਾਲ ਰੱਦ ਕਰ ਦਿੱਤੀਆਂ ਗਈਆਂ ਹਨ। ਕੋਰਟ ਵਲੋਂ ਜਾਰੀ ਹੁਕਮਾਂ ਮੁਤਾਬਕ ਸ਼ਨੀਵਾਰ ਨੂੰ ਹੋਣ ਵਾਲੀਆਂ ਪਟੀਆਲਾ ਨਿਗਮ ਚੋਣਾਂ ਲਈ 7 ਤੋਂ 8 ਵਾਰਡਾਂ ਲਈ ਫਿਲਹਾਲ ਵੋਟਿੰਗ ਨਹੀਂ ਹੋਵੇਗੀ। ਇਸ ਦੇ ਨਾਲ ਹੀ ਧਰਮਕੋਟ ਦੇ 8 ਵਾਰਡਾਂ ਵਿੱਚ ਕੱਲ ਵੋਟਿੰਗ ਨਹੀਂ ਹੋਵੇਗੀ। ਜਦਕਿ ਪੰਜਾਬ ਦੀਆਂ ਬਾਕੀ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਪੋਲਿੰਗ ਸ਼ਨੀਵਾਰ ਸਵੇਰੇ ਤੈਅ ਸਮੇਂ ਅਨੁਸਾਰ ਹੀ ਹੋਵੇਗੀ। ਚੋਣ ਕਮੀਸ਼ਨ ਵਲੋਂ 21 ਦਸੰਬਰ ਨੂੰ ਪੰਜਾਬ ਦੀਆਂ ਨਿਗਮ ਤੇ ਕੌਂਸਲ ਚੋਣਾਂ ਲਈ ਸ਼ਨੀਵਾਰ ਸਵੇਰੇ 7 ਵਜੇ ਤੋਂ ਪੋਲਿੰਗ ਸ਼ੁਰੂ ਹੋਵੇਗੀ ਜੋ ਕਿ ਸ਼ਾਮ 4 ਵਜੇ ਤਕ ਜਾਰੀ ਰਹੇਗੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ। ਜਿਸ ਦੇ ਮੁਕੰਮਲ ਹੁੰਦੇ ਸਾਰ ਨਤੀਜੇ ਐਲਾਨ ਦਿੱਤੇ ਜਾਣਗੇ।
ਦੱਸ ਦੇਈਏ ਕਿ ਪਟਿਆਲਾ ਵਿੱਚ ਐਮਸੀ ਚੋਣਾਂ ਲਈ ਨਾਮਜ਼ਦਗੀ ਪੱਤਰ ਖੋਹਣ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਹੁੰਚਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਸਖ਼ਤੀ ਕੀਤੀ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਫੈਸਲਾ ਆਉਣ ਤੱਕ ਸਟੇਅ ਲਗਾ ਦਿੱਤੀ ਗਈ ਹੈ।