ਪਟਿਆਲਾ : ਪੰਜਾਬ ਵਿਚ ਚੱਲ ਰਹੀ ਨਗਰ ਨਿਗਮ ਚੋਣ ਪ੍ਰਕਿਰਿਆ ਦੌਰਾਨ ਪਟਿਆਲਾ ਦੇ ਵਾਰਡ ਨੰਬਰ 34 ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਭਾਜਪਾ ਉਮੀਦਵਾਰ ਸੁਸ਼ੀਲ ਨਈਅਰ ਪੈਟਰੋਲ ਦੀ ਬੋਤਲ ਲੈ ਕੇ ਪੋਲਿੰਗ ਬੂਥ ਦੀ ਛੱਤ ਤੇ ਚੜ੍ਹ ਗਿਆ। ਇਸ ਦੌਰਾਨ ਭਾਜਪਾ ਉਮੀਦਵਾਰ ਨੇ ਆਪਣੇ ਆਪ ‘ਤੇ ਤੇਲ ਪਾ ਕੇ ਆਤਮਦਾਹ ਦੀ ਕੋਸ਼ਿਸ਼ ਵੀ ਕੀਤੀ, ਜਿਸ ਨੂੰ ਪੰਜਾਬ ਪੁਲਸ ਦੇ ਜਵਾਨਾਂ ਨੇ ਕਾਬੂ ਕਰ ਲਿਆ।
ਸੁਸ਼ੀਲ ਨਈਅਰ ਨੇ ਦੱਸਿਆ ਕਿ ਉਹ ਵਾਰਡ ਨੰਬਰ 34 ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਧਿਰ ਦੇ ਆਗੂਆਂ ਨੇ ਬੂਥ ਕੈਪਚਰਿੰਗ ਕੀਤੀ ਹੈ ਅਤੇ ਜਾਅਲੀ ਵੋਟਾਂ ਪਵਾਈਆਂ ਹਨ। ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਦੇ ਵਿਰੋਧ ਵਿਚ ਉਹ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ। ਇਸ ਦੌਰਾਨ ਪੁਲਸ ਦੇ ਜਵਾਨਾਂ ਤੇਜ਼ੀ ਨਾਲ ਭਾਜਪਾ ਆਗੂ ਨੂੰ ਕਾਬੂ ਕੀਤਾ ਅਤੇ ਥਾਣੇ ਲੈ ਗਈ।