ਆਗਰਾ — ਆਗਰਾ ਦੇ ਸ਼ਾਸਤਰੀ ਨਗਰ ‘ਚ ਇਕ ਨਰਸਿੰਗ ਵਿਦਿਆਰਥਣ ਨੇ ਕਥਿਤ ਤੌਰ ‘ਤੇ ਆਪਣੇ ਕਿਰਾਏ ਦੇ ਕਮਰੇ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਰੀਪਰਵਤ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 22 ਸਾਲਾ ਸੇਜਲ ਵਜੋਂ ਹੋਈ ਹੈ, ਜੋ ਕਿ ਫਰਜ਼ਾਨਾ ਦੇ ਨਰਸਿੰਗ ਕਾਲਜ ਦੀ ਵਿਦਿਆਰਥਣ ਸੀ ਅਤੇ ਇਕ ਹਸਪਤਾਲ ਵਿਚ ਇੰਟਰਨਸ਼ਿਪ ਕਰ ਰਹੀ ਸੀ।ਪੁਲਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ 7 ਵਜੇ ਉਹ ਆਪਣੇ ਕਮਰੇ ‘ਚ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਅਤੇ ਕਾਫੀ ਦੇਰ ਤੱਕ ਕਮਰੇ ‘ਚੋਂ ਬਾਹਰ ਨਾ ਆਉਣ ‘ਤੇ ਮਕਾਨ ਮਾਲਕਣ ਨੇ ਦਰਵਾਜ਼ਾ ਖੜਕਾਇਆ, ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਦਰਵਾਜ਼ਾ ਤੋੜ ਕੇ ਕਮਰੇ ‘ਚ ਦਾਖਲ ਹੋ ਕੇ ਫਾਹੇ ਨਾਲ ਲਟਕਦੀ ਉਸ ਦੀ ਲਾਸ਼ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਥਾਣਾ ਸਦਰ ਦੇ ਇੰਚਾਰਜ ਅਲੋਕ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਦੀ ਉਡੀਕ ਹੈ।