ਮੋਹਾਲੀ : ਮੋਹਾਲੀ ਦੇ ਪਿੰਡ ਸੋਹਾਣਾ ਦੀ ਫਿਰਨੀ ਤੋਂ ਬਾਹਰ ਸੈਣੀ ਫਾਰਮ ਤੋਂ ਕੁੱਝ ਦੂਰੀ ‘ਤੇ ਸਥਿਤ ਇਕ ਬਹੁ-ਮੰਜ਼ਿਲਾ ਇਮਾਰਤ ਅੱਜ ਅਚਾਨਕ ਡਿੱਗ ਗਈ। ਇਹ ਹਾਦਸਾ ਹੁਣੇ-ਹੁਣੇ ਵਾਪਰਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਥੇ ਇਕ ਜਿੰਮ ਚਲਾਇਆ ਜਾ ਰਿਹਾ ਸੀ। ਇਸ ਇਮਾਰਤ ਦੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਦੌਰਾਨ ਇਹ ਹਾਦਸਾ ਹੋਇਆ, ਉਸ ਸਮੇਂ ਜਿੰਮ ‘ਚ 20 ਤੋਂ 25 ਨੌਜਵਾਨ ਮੌਜੂਦ ਸਨ, ਜਿਨ੍ਹਾਂ ਬਾਰੇ ਅਜੇ ਕੁੱਝ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਚੁੱਕੀ ਹੈ। ਹਾਲੇ ਤੱਕ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਮਲਬੇ ਹੇਠਾਂ ਕੁੱਲ ਕਿੰਨੇ ਲੋਕ ਦੱਬੇ ਹੋਏ ਹਨ।ਪੁਲਸ ਵੀ ਮੌਕੇ ‘ਤੇ ਮੌਜੂਦ ਹੈ ਅਤੇ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ‘ਚ ਜਿੰਮ ਚੱਲਦੀ ਸੀ ਅਤੇ ਨਾਲ ਦੀ ਇਮਾਰਤ ਦੇ ਬੇਸਮੈਂਟ ‘ਚ ਮਜ਼ਦੂਰਾਂ ਵਲੋਂ ਖ਼ੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਬਹੁ-ਮੰਜ਼ਿਲਾ ਇਮਾਰਤ ਡਿੱਗ ਪਈ।
ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੋਹਾਣਾ ਆਪਣੇ ਸਾਥੀਆਂ ਨੂੰ ਲੈ ਕੇ ਤੁਰੰਤ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ