ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬੁਡਾਨਾ ਪਿੰਡ ‘ਚ ਇੱਟ ਭੱਠੇ ਦੀ ਕੰਧ ਡਿੱਗਣ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਬੱਚੇ ਸੌਂ ਰਹੇ ਸਨ। ਪੁਲਸ ਨੇ ਦੱਸਿਆ ਕਿ ਇਸ ਘਟਨਾ ‘ਚ ਇਕ ਕੁੜੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਉਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਿਸ਼ਾ (3 ਮਹੀਨੇ), ਸੂਰਜ (9), ਨੰਦਿਨੀ (5) ਅਤੇ ਵਿਵੇਕ (9) ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਬੁਡਾਨਾ ‘ਚ ਭੱਠੇ ‘ਤੇ ਉੱਤਰ ਪ੍ਰਦੇਸ਼ ਦੇ ਕਈ ਮਜ਼ਦੂਰ ਪਰਿਵਾਰ ਕੰਮ ਕਰਦੇ ਹਨ। ਭੱਠੇ ‘ਤੇ ਇੱਟ ਬਣਾਉਣ ਅਤੇ ਚਿਮਨੀ ਕੋਲ ਖੰਭੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਬੱਚੇ ਅਤੇ ਕੁਝ ਮਜ਼ਦੂਰ ਭੱਠੇ ਦੀ ਕੰਧ ਕੋਲ ਸੌਂ ਰਹੇ ਸਨ, ਉਦੋਂ ਕੰਧ ਅਚਾਨਕ ਉਨ੍ਹਾਂ ‘ਤੇ ਡਿੱਗ ਗਈ।
ਹਾਂਸੀ ਦੇ ਪੁਲਸ ਸੁਪਰਡੈਂਟ ਹੇਮੇਂਦਰ ਕੁਮਾਰ ਮੀਣਾ ਨੇ ਦੱਸਿਆ ਕਿ ਸੂਰਜ, ਨੰਦਿਨੀ ਅਤੇ ਵਿਵੇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਨਿਸ਼ਾ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਦਮ ਤੋੜ ਦਿੱਤਾ। 5 ਸਾਲਾ ਗੌਰੀ ਦੀ ਹਾਲਤ ਗੰਭੀਰ ਹੈ, ਜਿਸ ਦਾ ਇਲਾਜ ਹਿਸਾਰ ਦੇ ਸਰਕਾਰੀ ਹਸਪਤਾਲ ‘ਚ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਸਾਰੇ 5 ਬੱਚੇ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਜ਼ਿਲ੍ਹੇ ਦੇ ਬਧਾਵ ਪਿੰਡ ਦੇ ਵਾਸੀ ਸਨ। ਪੁਲਸ ਸੁਪਰਡੈਂਟ ਮੀਣਾ ਨੇ ਘਟਨਾ ਤੋਂ ਬਾਅਦ ਹਸਪਤਾਲ ਦਾ ਦੌਰਾ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪੀੜਤ ਪਰਿਵਾਰਾਂ ਨੇ ਮਾਮਲੇ ‘ਚ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।