ਧਮਤਰੀ : ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ, ਜਿੱਥੇ ਘਰ ਦੇ ਬਾਹਰ ਖੇਡ ਰਹੇ ਦੋ ਜੁੜਵਾਂ ਭਰਾਵਾਂ ਦੀ ਖੂਹ ‘ਚ ਡਿੱਗਣ ਨਾਲ ਮੌਤ ਹੋ ਗਈ। ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਕੁਰੂਦ ਥਾਣਾ ਖੇਤਰ ਦੇ ਚਰਰਾ ਪਿੰਡ ਦੀ ਹੈ। ਜਿੱਥੇ ਸੋਮਵਾਰ ਸਵੇਰੇ 6 ਸਾਲਾ ਜੁੜਵਾਂ ਭਰਾ ਹੋਰੀਲਾਲ ਅਤੇ ਡੋਮਨ ਲਾਲ ਆਪਣੇ ਘਰ ਦੇ ਕੋਲ ਖੇਡ ਰਹੇ ਸਨ। ਕਾਫੀ ਦੇਰ ਤੱਕ ਖੇਡਣ ਤੋਂ ਬਾਅਦ ਜਦੋਂ ਬੱਚੇ ਘਰ ਨਹੀਂ ਪਰਤੇ ਤਾਂ ਮਾਪਿਆਂ ਨੇ ਕਰੀਬ 3.30 ਵਜੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਬੱਚੇ ਕਿਧਰੇ ਨਹੀਂ ਮਿਲੇ।
ਦੱਸ ਦੇਈਏ ਕਿ ਬੱਚਿਆਂ ਦੇ ਅਚਾਨਕ ਲਾਪਤਾ ਹੋਣ ‘ਤੇ ਪਿੰਡ ‘ਚ ਹੜਕੰਪ ਮੱਚ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੋਵਾਂ ਮਾਸੂਮ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਨੂੰ ਆਖਰੀ ਵਾਰ ਦੁਪਹਿਰ ਵੇਲੇ ਰੰਗ ਮੰਚ ਨੇੜੇ ਦੇਖਿਆ ਸੀ। ਉਹ ਅਕਸਰ ਇਸ ਥਾਂ ‘ਤੇ ਖੇਡਦੇ ਸਨ। ਘਰ ਦੇ ਨੇੜੇ ਹੀ ਇੱਕ ਪੁਰਾਣਾ ਖੰਡਰ ਘਰ ਅਤੇ ਇੱਕ ਖੂਹ ਹੈ, ਜਿਸ ਦੀ ਡੂੰਘਾਈ 50 ਤੋਂ 70 ਫੁੱਟ ਦੱਸੀ ਜਾ ਰਹੀ ਹੈ। ਸ਼ੱਕ ਦੇ ਆਧਾਰ ‘ਤੇ ਕੁਝ ਲੋਕਾਂ ਨੂੰ ਖੂਹ ‘ਚ ਹੇਠਾਂ ਉਤਾਰਿਆ ਗਿਆ, ਜਿਹਨਾਂ ਦੇ ਹੋਸ਼ ਉੱਡ ਗਏ। ਉਕਤ ਲੋਕਾਂ ਨੂੰ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਖੂਹ ਵਿੱਚੋਂ ਬਰਾਮਦ ਹੋਈਆਂ।