ਜਲੰਧਰ – ਪੰਜਾਬ ਦੀ ਰੇਚਲ ਗੁਪਤਾ ਨੇ ਸੁੰਦਰਤਾ ਮੁਕਾਬਲੇ ‘ਚ ਭਾਰਤ ਲਈ ਇਤਿਹਾਸ ਰਚ ਦਿੱਤਾ ਹੈ। ਵਿਦੇਸ਼ ‘ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਰੇਚਲ ਨੇ ਦੇਸ਼ ਦਾ ਨਾਂ ਦੁਨੀਆ ਭਰ ‘ਚ ਮਸ਼ਹੂਰ ਕੀਤਾ ਹੈ। ਰੇਚਲ ਨੇ ਫਾਈਨਲ ‘ਚ ਫਿਲੀਪੀਨਜ਼ ਦੀ ਬਿਊਟੀ ਕੁਈਨ ਨੂੰ ਹਰਾਇਆ। ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਰੇਚਲ ਨੇ ਬੈਂਕਾਕ ‘ਚ ਹੋਏ ਇਸ ਮੁਕਾਬਲੇ ‘ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਦੇਸ਼ ਅਤੇ ਆਪਣੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਹਾਲ ਹੀ ‘ਚ ਰੇਚਲ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਿ ਸ੍ਰੀ ਦਰਬਾਰ ਸਾਹਿਬ ਦੀਆਂ ਹਨ। ਦਰਅਸਲ, ਰੇਚਲ ਇਨ੍ਹਾਂ ਤਸਵੀਰਾਂ ‘ਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਰੇਚਲ ਨੇ ਕੈਪਸ਼ਨ ‘ਚ ਲਿਖਿਆ, ”ਵਾਹਿਗੁਰੂ” ਨਾਲ ਹੀ ਹਾਰਟ ਵਾਲਾ ਇਮੋਜ਼ੀ ਵੀ ਸ਼ੇਅਰ ਕੀਤਾ ਹੈ।
ਦੱਸ ਦਈਏ ਕਿ ਹਾਲ ਹੀ ‘ਚ ਰੇਚਲ ਜਲੰਧਰ ਪਹੁੰਚੀ ਹੈ, ਜਿੱਥੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਰੇਚਲ ਨੇ ਕਿਹਾ, ਮੈਂ ਸ਼ੁਰੂ ਤੋਂ ਚਾਹੁੰਦੀ ਸੀ ਕਿ ਮੈਂ ਪੰਜਾਬ ਤੇ ਇੰਡੀਆ ਦਾ ਨਾਂ ਰੌਸ਼ਨ ਕਰਾਂ। ਸਾਡੇ ‘ਚ ਇੰਡੀਆ ਤੇ ਪੰਜਾਬ ਦੀ ਤਾਕਤ ਹੈ, ਅਸੀਂ ਕੁਝ ਵੀ ਕਰ ਸਕਦੇ ਹਾਂ। ਪੰਜਾਬੀ ਜਿੱਥੇ ਵੀ ਜਾਂਦੇ ਨੇ ਹਰ ਮੈਦਾਨ ਫਤਿਹ ਕਰਕੇ ਹੀ ਆਉਂਦੇ ਨੇ।
ਸਿਰਫ਼ 20 ਸਾਲ ਦੀ ਰੇਚਲ ਗੁਪਤਾ ਦਾ ਪਰਿਵਾਰ ਜਲੰਧਰ ਦੀ ਅਰਬਨ ਅਸਟੇਟ ‘ਚ ਰਹਿੰਦਾ ਹੈ। ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤਣ ਤੋਂ ਪਹਿਲਾਂ ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਡੀਆ 2024 ਦਾ ਤਾਜ ਜਿੱਤਿਆ ਸੀ ਅਤੇ ਫਿਰ ਮਿਸ ਗ੍ਰੈਂਡ ਇੰਟਰਨੈਸ਼ਨਲ 2024 ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।