ਫਿਰੋਜ਼ਪੁਰ : ਪੰਜਾਬ ਵਿਜੀਲੈਂਸ ਬਿਊਰੋ ਨੇ ਪੰਚਾਇਤੀ ਚੋਣ ਲਈ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੇ ਨਾਮਜ਼ਦਗੀ ਫਾਰਮ ਰੱਦ ਨਾ ਕਰਨ ਬਦਲੇ 23 ਲੱਖ ਰੁਪਏ ਦੀ ਰਿਸ਼ਵਤ ਲੈਣ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਗੁਲਾਬ ਸਿੰਘ, ਐੱਸ.ਡੀ.ਓ. ਨਹਿਰੀ ਵਿਭਾਗ ਫਿਰੋਜ਼ਪੁਰ, ਉਸ ਵੇਲੇ ਬਤੌਰ ਰਿਟਰਨਿੰਗ ਅਫਸਰ (ਆਰ.ਓ) ਬਲਾਕ ਘੱਲ ਖੁਰਦ ਅਤੇ ਦਵਿੰਦਰ ਸਿੰਘ, ਸਬ-ਇੰਸਪੈਕਟਰ ਖੇਤੀਬਾੜੀ ਵਿਭਾਗ ਫਿਰੋਜ਼ਪੁਰ, ਉਸ ਵੇਲੇ ਸਹਾਇਕ ਰਿਟਰਨਿੰਗ ਅਫਸਰ (ਏ.ਆਰ.ਓ.) ਬਲਾਕ ਘੱਲ ਖੁਰਦ, ਫਿਰੋਜ਼ਪੁਰ ਅਤੇ ਉੱਥੋਂ ਦੇ ਨਿਵੇਦਿਅਮ ਹੋਟਲ ਦੇ ਮਾਲਕ ਰਾਹੁਲ ਨਾਰੰਗ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਮੁਕੱਦਮੇ ਵਿਚ ਗੁਲਾਬ ਸਿੰਘ, ਐੱਸ.ਡੀ.ਓ. ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਵੇਲੇ ਜੇਲ੍ਹ ਵਿਚ ਬੰਦ ਹੈ।
ਇਹ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਫਿਰੋਜ਼ਪੁਰ ਨੇ ਦੱਸਿਆ ਕਿ ਇਹ ਮੁਕੱਦਮਾ ਇਕ ਸ਼ਿਕਾਇਤ ਦੀ ਵੈਰੀਫਿਕੇਸ਼ਨ ਉਪਰੰਤ ਦਰਜ ਕੀਤਾ ਗਿਆ ਹੈ। ਸ਼ਿਕਾਇਤ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਸ਼ਿਕਾਇਤਕਰਤਾ ਹਰਦੀਪ ਸਿੰਘ ਅਤੇ ਉਸ ਦੇ ਭਰਾ ਜਗਦੇਵ ਸਿੰਘ ਵਲੋਂ ਪਿੰਡ ਤੂਤ, ਜ਼ਿਲ੍ਹਾ ਫਿਰੋਜ਼ਪੁਰ ਦੀ ਸਰਪੰਚੀ ਚੋਣ ਲਈ ਅਤੇ ਸੁਖਜੀਤ ਕੌਰ, ਰਸ਼ਪਾਲ ਸਿੰਘ, ਮਨਜੀਤ ਕੌਰ ਅਤੇ ਜਗਮੋਹਨ ਸਿੰਘ ਵੱਲੋਂ ਮੈਂਬਰ ਪੰਚਾਇਤ ਦੀ ਚੋਣ ਲਈ ਨਾਮਜ਼ਦਗੀ ਫਾਰਮ ਭਰੇ ਸਨ।
ਫਾਰਮ ਭਰਨ ਤੋਂ ਬਾਅਦ ਸ਼ਿਕਾਇਤਕਰਤਾ ਨੇ ਫਾਰਮਾਂ ਦੇ ਸਬੰਧ ਵਿਚ ਉਕਤ ਦੋਸ਼ੀ ਦਵਿੰਦਰ ਸਿੰਘ, ਸਬ-ਇੰਸਪੈਕਟਰ ਖੇਤੀਬਾੜੀ ਵਿਭਾਗ ਫਿਰੋਜ਼ਪੁਰ, ਉਸ ਵੇਲੇ ਸਹਾਇਕ ਰਿਟਰਨਿੰਗ ਅਫਸਰ (ਏ.ਆਰ.ਓ.) ਬਲਾਕ ਘੱਲ ਖੁਰਦ, ਫਿਰੋਜ਼ਪੁਰ ਦੇ ਘਰ ਪਿੰਡ ਵਜੀਦਪੁਰ ਵਿਖੇ ਗਿਆ, ਜਿੱਥੇ ਉਸਨੂੰ ਦੋਸ਼ੀ ਗੁਲਾਬ ਸਿੰਘ, ਐੱਸ.ਡੀ.ਓ ਨਹਿਰੀ ਵਿਭਾਗ ਫਿਰੋਜ਼ਪੁਰ, ਉਸ ਵੇਲੇ ਬਤੌਰ ਰਿਟਰਨਿੰਗ ਅਫਸਰ (ਆਰ.ਓ) ਬਲਾਕ ਘੱਲ ਖੁਰਦ ਵੀ ਮਿਲਿਆ। ਦੋਵਾਂ ਰਿਟਰਨਿੰਗ ਅਫਸਰਾਂ ਨੇ ਸ਼ਿਕਾਇਤਕਰਤਾ ਪਾਸੋਂ ਨਾਮਜ਼ਦਗੀ ਫਾਰਮ ਰੱਦ ਨਾ ਕਰਨ ਬਦਲੇ 15 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਿਵੇਦਿਅਮ ਹੋਟਲ ਦੇ ਮਾਲਕ ਰਾਹੁਲ ਨਾਰੰਗ ਨੂੰ ਇਹ ਰਕਮ ਦੇਣ ਲਈ ਕਿਹਾ।