ਕਪੂਰਥਲਾ -ਹਾਲ ਹੀ ਵਿਚ ਇਕ ਬੈਂਕ ਵਿਚ ਕੰਮ ਕਰਦੇ ਇਕ ਕਰਮਚਾਰੀ ਤੋਂ 2.30 ਲੱਖ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਖੋਹਣ ਸਬੰਧੀ ਸਬੰਧਤ ਬੈਂਕ ਕਰਮਚਾਰੀ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਪੜਤਾਲ ਦੌਰਾਨ ਝੂਠੀ ਪਾਈ ਗਈ। ਸ਼ਿਕਾਇਤਕਰਤਾ ਬੈਂਕ ਕਰਮਚਾਰੀ ਨੇ ਖ਼ੁਦ ਹੀ ਲੁੱਟ ਦੀ ਝੂਠੀ ਕਹਾਣੀ ਬਣਾ ਕੇ ਪੁਲਸ ਨੂੰ ਗੁੰਮਰਾਹ ਕੀਤਾ ਸੀ। ਸੀ. ਆਈ. ਏ. ਸਟਾਫ਼ ਕਪੂਰਥਲਾ ਪੁਲਸ ਨੇ ਪੂਰੇ ਮਾਮਲੇ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਵੱਲੋਂ ਆਲੂਆਂ ਦੇ ਖੇਤਾਂ ’ਚ ਸੁੱਟੀ 1.90 ਲੱਖ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਬੀਤੇ ਦਿਨੀਂ ਉੱਜਵਲ ਸਮਾਲ ਫਾਈਨਾਂਸ ਬੈਂਕ ’ਚ ਕੰਮ ਕਰਦੇ ਕਰਮਚਾਰੀ ਸ਼ਿਵ ਕੁਮਾਰ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਭੇਂਟਾ ਨੇ ਥਾਣਾ ਸਦਰ ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਪਿੰਡਾਂ ’ਚੋਂ ਬੈਂਕ ਦੀਆਂ ਕਿਸ਼ਤਾਂ ਦੀ ਰਕਮ ਇਕੱਠੀ ਕਰਨ ਤੋਂ ਬਾਅਦ ਜਦੋਂ ਉਹ ਪਿੰਡ ਬਣਵਾਲੀ ਤੋਂ ਬਾਹਰ ਆ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਕੋਲੋਂ 2.30 ਲੱਖ ਰੁਪਏ ਦੀ ਨਕਦੀ, ਫਿੰਗਰ ਮਸ਼ੀਨ ਅਤੇ ਮੋਬਾਇਲ ਟੈਬ ਖੋਹ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਮੁਲਜ਼ਮਾਂ ਨੂੰ ਮੌਕੇ ਤੋਂ ਫਰਾਰ ਹੋ ਗਏ ਸੀ। ਇਸ ਪੂਰੇ ਮਾਮਲੇ ਸਬੰਧੀ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਉਨ੍ਹਾਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਪੀ. (ਡੀ.) ਸਰਬਜੀਤ ਰਾਏ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਪੁਲਸ ਟੀਮ ਜਿਸ ’ਚ ਡੀ. ਐੱਸ. ਪੀ. (ਡੀ.) ਪਰਮਿੰਦਰ ਸਿੰਘ ਮੰਡ, ਡੀ. ਐੱਸ. ਪੀ. (ਸਬ ਡਵੀਜ਼ਨ) ਦੀਪਕਰਨ ਸਿੰਘ ਅਤੇ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਅਤੇ ਟੀਮ ਨੂੰ ਇਸ ਪੂਰੇ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੇ ਹੁਕਮ ਦਿੱਤੇ।