ਪਟਿਆਲਾ : ਕਿਸਾਨਾਂ ਦੀਆਂ ਮੰਗਾਂ ਲੈ ਕੇ ਖਨੌਰੀ ਬਾਰਡਰ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਜਾਨਣ ਲਈ ਪੰਜਾਬ ਸਰਕਾਰ ਦਾ ਵਫਦ ਪਹੁੰਚਿਆ, ਜਿਸ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਸਣੇ ਕਈ ਸੀਨੀਅਰ ਨੇਤਾ ਮੌਜੂਦ ਰਹੇ। ਇਸ ਦੌਰਾਨ ‘ਆਪ’ ਨੇਤਾ ਅਮਨ ਅਰੋੜਾ ਨੇ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ ਕਿ ਉਨ੍ਹਾਂ ਨੂੰ ਭੁੱਖ ਹੜਤਾਲ ਛੱਡਣ ਦੀ ਅਪੀਲ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਪੰਜਾਬ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸੰਘਰਸ਼ ਲਈ ਗਵਰਨਰ ਸਾਹਬ ਨੂੰ ਮਿਲੇ ਹਨ ਤੇ ਪਾਰਲੀਮੈਂਟ ਵਿਚ ਵੀ ਕਿਸਾਨੀ ਦਾ ਮੁੱਦਾ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਇਕੱਲੇ ਡੱਲੇਵਾਲ ਦੀ ਨਹੀਂ ਬਲਕਿ ਸਾਰੇ ਕਿਸਾਨਾਂ ਦੀ ਤੇ ਪੂਰੇ ਪੰਜਾਬ ਦੀ ਹੈ। ਇਹ ਲੜਾਈ ਬਹੁਤ ਲੰਬੀ ਚੱਲਣ ਵਾਲੀ ਹੈ। ਅਸੀਂ ਸਾਰੇ ਡੱਲੇਵਾਲ ਸਾਹਬ ਦੇ ਨਾਲ ਖੜੇ ਹਾਂ। ਅਸੀਂ ਉਨ੍ਹਾਂ ਵੱਲੋਂ ਵਿੱਢਿਆ ਸੰਘਰਸ਼ ਮਜ਼ਬੂਤ ਕਰਨ ਲਈ ਤਿਆਰ ਹਾਂ। ਇਸ ਲੜਾਈ ਵਿਚ ਡੱਲੇਵਾਲ ਸਾਹਬ ਮੋਹਰੀ ਹਨ। ਪਰ ਇਸ ਦੌਰਾਨ ਉਨ੍ਹਾਂ ਦੀ ਸਿਹਤ ਵੀ ਬਹੁਤ ਜ਼ਰੂਰੀ ਹੈ। ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਡਾਕਟਰੀ ਸਹਾਇਤਾ ਲੈਣ। ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਤੋਂ ਸਹਿਮਤ ਹੈ। ਅਸੀਂ ਇਸ ਲਈ ਕੇਂਦਰ ਤਕ ਪਹੁੰਚ ਕਰਾਂਗੇ।
ਇਸ ਦੌਰਾਨ ਉਨ੍ਹਾਂ ਦੇ ਨਾਲ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਸਾਰੇ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ। ਅਜਿਹਾ ਨਹੀਂ ਹੈ ਕਿ ਉਹ ਪਹਿਲੇ ਦਿਨ ਇਥੇ ਪਹੁੰਚੇ ਹਨ। ਉਨ੍ਹਾਂ ਦੀਆਂ ਟੀਮਾਂ ਹਰ ਵੇਲੇ ਇਥੇ ਮੌਜੂਦ ਰਹਿੰਦੀਆਂ ਹਨ। ਅਸੀਂ ਕਈ ਕਿਸਾਨਾਂ ਦਾ ਇਲਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਜੀ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਇਸ ਵੇਲੇ ਸਿਰਫ ਉਨ੍ਹਾਂ ਨੂੰ ਡੱਲੇਵਾਲ ਸਾਹਬ ਦੀ ਸਿਹਤ ਦੀ ਚਿੰਤਾ ਹੈ।