ਅੰਮ੍ਰਿਤਸਰ (ਨੀਰਜ)-ਪੁਲਸ ਬੰਟੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਚਾਈਨਾ ਡੋਰ ਦੀ ਪੂਰੀ ਚੇਨ ਫੜ ਸਕਦੀ ਹੈ। ਉਥੇ ਥਾਣਾ ਕੰਟੋਨਮੈਂਟ ਦੀ ਟੀਮ ਵੱਲੋਂ 1020 ਚਾਈਨਾ ਡੋਰ ਦੇ ਗੱਟੂਆਂ ਸਮੇਤ ਫੜੇ ਗਏ ਦਵਿੰਦਰ ਸਿੰਘ ਉਰਫ਼ ਬੰਟੀ ਨੂੰ ਥਾਣੇ ਵਿਚ ਹੀ ਜ਼ਮਾਨਤ ਮਿਲ ਗਈ, ਕਿਉਂਕਿ ਚਾਈਨਾ ਡੋਰ ਦੇ ਮਾਮਲੇ ਵਿਚ ਸਰਕਾਰ ਵੱਲੋਂ ਕੋਈ ਸਖ਼ਤ ਕਾਨੂੰਨ ਨਹੀਂ ਬਣਾਇਆ ਗਿਆ, ਜਦਕਿ 1000 ਤੋਂ ਵੱਧ ਗੱਟੂਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਬੰਟੀ, ਜਿਸ ਨੂੰ ਪਹਿਲਾਂ ਵੀ 100 ਗੱਟੂਆਂ ਸਮੇਤ ਗ੍ਰਿਫਤਾਰ ਕਰ ਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਇੰਨੀ ਘੱਟ ਸਜ਼ਾ ਦਾ ਕਿਸੇ ਵੀ ਨਜ਼ਰੀਏ ਤੋਂ ਹੱਕਦਾਰ ਨਹੀਂ ਬਣਦਾ ਹੈ, ਕਿਉਂਕਿ ਜ਼ਿਲੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵਲੋਂ ਪੁਲਸ ਕਮਿਸ਼ਨਰ ਅਤੇ ਡੀ. ਸੀ. ਨੂੰ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਅਤੇ ਇਸ ਨੂੰ ਵੇਚਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਹ ਵੀ ਸਪੱਸ਼ਟ ਹੈ ਕਿ ਹੁਣ ਜੇਕਰ ਪੁਲਸ ਚਾਹੇ ਤਾਂ ਬੰਟੀ ਦੀ ਗ੍ਰਿਫ਼ਤਾਰੀ ਨਾਲ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੀ ਪੂਰੀ ਚੇਨ ਫੜ ਸਕਦੀ ਹੈ, ਕਿਉਂਕਿ ਜਿਹੜੇ ਮਿੰਨੀ ਟਰੱਕ ਵਿਚ ਚਾਈਨਾ ਡੋਰ ਦੀ ਖੇਪ ਲਿਆਂਦੀ ਗਈ ਹੈ, ਉਸ ਦਾ ਡਰਾਈਵਰ ਹੇਮਰਾਜ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਚਾਈਨਾ ਡੋਰ ਦੀ ਇਹ ਖੇਪ ਜਲੰਧਰ ਤੋਂ ਲਿਆਂਦੀ ਗਈ ਸੀ ਅਤੇ ਜਲੰਧਰ ਦੇ ਇਸ ਦੁਕਾਨਦਾਰ ਨੂੰ ਟਰੇਸ ਕਰਨਾ ਪੁਲਸ ਲਈ ਕੋਈ ਔਖਾ ਕੰਮ ਨਹੀਂ ਹੈ। ਜੇਕਰ ਪੁਲਸ ਦੀ ਮਨਸ਼ਾ ਇਹੀ ਹੁੰਦੀ ਤਾਂ 28 ਅਕਤੂਬਰ ਦੇ ਪ੍ਰਕਾਸ਼ਨ ਵਿਚ ਜਗ ਬਾਣੀ ਨੇ ਪਹਿਲਾਂ ਹੀ ਬੋਰੀਆਂ ਵਾਲਾ ਬਾਜ਼ਾਰ, ਕਟੜਾ ਕਰਮ ਸਿੰਘ ਅਤੇ ਨਮਕ ਮੰਡੀ ਦੇ ਇਲਾਕਿਆਂ ਵਿਚ ਚਾਈਨਾ ਡੋਰ ਵੇਚਣ ਦਾ ਖੁਲਾਸਾ ਕੀਤਾ ਸੀ।