ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਜੋ ਮੁਹਾਲੀ ’ਚ ਚੱਲ ਰਹੇ ਸੀ। ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਸਾਇਬਰ ਕ੍ਰਾਈਮ ਡਵੀਜ਼ਨ ਅਤੇ ਡੀਐਸਪੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਫਰਜ਼ੀ ਕਾਲ ਸੈਟਰਾਂ ’ਤੇ ਰੇਡ ਕੀਤੀ। ਜਿਨ੍ਹਾਂ ਵੱਲੋਂ ਰਾਤ ਸਮੇਂ ਵੱਖ-ਵੱਖ ਢੰਗਾਂ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਛਾਪੇਮਾਰੀ ਦੌਰਾਨ ਪੁਲਿਸ ਨੇ ਡਾਇਲਰ, ਕਲੋਜ਼ਰ, ਬੈਂਕਰ ਅਤੇ ਫਲੋਰ ਮੈਨੇਜਰ ਵਜੋਂ ਕੰਮ ਕਰਦੇ ਸਾਰੇ 155 ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਦੋਵਾਂ ਸੈਂਟਰਾਂ ਦੇ ਫਰਾਰ ਹੋਏ ਦੋਵੇਂ ਸਰਗਨਾਹ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੌਕੇ ’ਤੇ ਗਾਹਕਾਂ ਨਾਲ ਗੱਲ ਕਰਨ ਸਿਖਲਾਈ ਸਕ੍ਰਿਪਟਾਂ, 79 ਡੈਸਕਟਾਪ ਕੰਪਿਊਟਰ ਯੂਨਿਟ, 204 ਲੈਪਟਾਪ, ਮੋਬਾਈਲ ਫ਼ੋਨ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇੱਕ ਫਰਜ਼ੀ ਕਾਲ ਸੈਂਟਰ ਮੁਹਾਲੀ ਦੇ ਸੈਕਟਰ 74 ਦੇ ਪਲਾਟ ਨੰਬਰ ਐਫ 88 ਅਤੇ ਦੂਜਾ ਫਰਜ਼ੀ ਕਾਲ ਸੈਂਟਰ ਸੈਕਟਰ 74 ਚ ਏ-ਵਨ ਟਾਵਰ ’ਚ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਾਲ ਸੈਂਟਰ ਕਥਿਤ ਤੌਰ ’ਤੇ ਗੁਜਰਾਤ ਆਧਾਰਿਤ ਸਰਗਨਿਆਂ ਦੀ ਅਗਵਾਈ ’ਚ ਚੱਲ ਰਹੇ ਸੀ। ਏਡੀਜੀਪੀ ਸਾਈਬਰ ਕ੍ਰਾਈਮ ਵੀ.ਨੀਰਜਾ ਨੇ ਦੱਸਿਆ ਕਿ ਛਾਪਮਾਰੀ ਤੋਂ ਪਹਿਲਾਂ ਇੰਸਪੈਕਟਰ ਗਗਨਪ੍ਰੀਤ ਸਿੰਘ ਅਤੇ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਮਿਲ ਕੇ ਟੈਕਨੀਕਲ ਜਾਂਚ ਦੇ ਆਧਾਰ ਤੇ ਕਾਲ ਸੈਂਟਰਾਂ ਦੀ ਪੁਖ਼ਤਾ ਤੇ ਖੁਫ਼ੀਆ ਜਾਣਕਾਰੀ ਜੁਟਾਈ ਗਈ ਸੀ। ਏਡੀਜੀਪੀ ਨੇ ਇਹ ਵੀ ਦੱਸਿਆ ਕਿ ਫਿਲਹਾਲ ਗ੍ਰਿਫ਼ਤਾਰ ਕੀਤੇ ਗਏ ਕੁੱਲ 155 ਵਿਅਕਤੀਆਂ ਵਿੱਚੋਂ 18 ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਦੋਂਕਿ ਬਾਕੀ ਗ੍ਰਿਫ਼ਤਾਰ ਵਿਅਕਤੀਆਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਵੀ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।