ਸੋਨੀਆ ਗਾਂਧੀ ਦਾ ਕਹਿਣਾ ਹੈ ਕਿ ਰਾਏਬਰੇਲੀ ਦੇ ਲੋਕਾਂ ਨੂੰ ਕਦੇ ਨਿਰਾਸ਼ ਨਹੀਂ ਕਰੇਗਾ ਰਾਹੁਲ ਗਾਂਧੀ। ਦਰਅਸਲ ਲੋਕ ਸਭਾ ਚੌਣਾਂ ਵਿਚਾਲੇ ਪਾਰਟੀ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਆਪਣੇ ਹਲਕਿਆਂ ’ਚ ਚੋਣ ਪ੍ਰਚਾਰ ਲਈ ਰੈਲ੍ਹੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਰਾਏਬਰੇਲੀ ਤੋਂ ਕਾਂਗਰਸ ਉਮੀਦਵਾਰ ਰਾਹੁਲ ਗਾਂਧੀ ਨੇ ਰਾਏਬਰੇਲੀ ’ਚ ਇੱਕ ਜਨਤਕ ਰੈਲ੍ਹੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਦੇ ਨਾਲ ਅਖਿਲੇਸ਼ ਯਾਦਵ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਵੀ ਸਟੇਜ਼ ਸਾਂਝੀ ਕਰਨ ਲਈ ਪਹੁੰਚੇ।
ਦੱਸਣਯੋਗ ਹੈ ਕਿ ਸੋਨੀਆ ਗਾਂਧੀ 2019 ਦੀਆਂ ਚੋਣਾਂ ਤੋਂ ਬਾਅਦ (ਪੰਜ ਸਾਲਾਂ ਬਾਅਦ) ਰਾਏਬਰੇਲੀ ਪਹੁੰਚੇ। ਸਟੇਜ਼ ’ਤੇ ਸੰਬੋਧਨ ਕਰਦੇ ਹੋਏ ਸੋਨੀਆ ਗਾਂਧੀ ਨੇ ਰਾਏਬਰੇਲੀ ਨੂੰ ਆਪਣਾ ਘਰ ਅਤੇ ਪਰਿਵਾਰ ਕਿਹਾ। ਉਨ੍ਹਾਂ ਕਿਹਾ ਕਿ ਰਾਏਬਰੇਲੀ ਨੇ ਮੈਨੂੰ 20 ਸਾਲ ਸੇਵਾ ਬਖਸ਼ੀ। ਇਸ ਦੇ ਨਾਲ ਹੀ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਅਤੇ ਬੇਟੀ ਨੂੰ ਉਹੀ ਸਿੱਖਿਆ ਦਿੱਤੀ ਜੋ ਰਾਇਬਰੇਲੀ ਅਤੇ ਇੰਦਰਾ ਜੀ ਨੇ ਮੈਨੂੰ ਦਿੱਤੀ ਸੀ। ਮੈਂ ਅੱਜ ਰਾਹੁਲ ਨੂੰ ਰਾਇਬਰੇਲੀ ਨੂੰ ਸੌਂਪ ਰਹੀ ਹਾਂ। ਜਿਸ ਤਰਾਂ ਤੁਸੀ ਮੇਰੇ ਨਾਲ ਵਿਵਹਾਰ ਕੀਤਾ ਉਸੇ ਤਰ੍ਹਾਂ ਰਾਹੁਲ ਨਾਲ ਪੇਸ਼ ਆਉਣਾ। ਮੇਰਾ ਬੇਟਾ ਤੁਹਾਨੂੰ ਨਿਰਾਸ਼ਾ ਨਹੀਂ ਦੇਵੇਗਾ।