ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਚੋਣ ਪ੍ਰਚਾਰ ’ਤੇ ਲੱਗੀ ਹੋਈ ਹੈ। ਦੂਜੇ ਪਾਸੇ ਸਵਾਤੀ ਮਾਲੀਵਾਲ ਦੁਰਵਿਵਹਾਰ ਮਾਮਲੇ ’ਤੇ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਕਿਉਂਕਿ ਵਿਰੋਧੀ ਧਿਰ ਭਾਜਪਾ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾ ਦੇ ਇਲਜ਼ਾਮਾਂ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਸਵਾਤੀ ਮਾਲੀਵਾਲ ਦੇ ਦੁਰਵਿਵਹਾਰ ਮਾਮਲੇ ’ਤੇ ਵੱਡਾ ਖੁਲਾਸਾ ਕੀਤਾ। ਉਨ੍ਹਾਂ ਨੇ ਸਾਰੀ ਸਾਜਿਸ਼ ਪਿੱਛੇ ਭਾਜਪਾ ਦੇ ਹੋਣ ਦਾ ਦੋਸ਼ ਲਗਾਇਆ। ਆਤਿਸ਼ੀ ਨੇ ਕਿਹਾ ਕਿ ਭਾਜਪਾ ਦੀ ਸਾਜ਼ਿਸ਼ ਦਾ ਮੁੱਖ ਪਾਤਰ ਸਵਾਤੀ ਮਾਲੀਵਾਲ ਹੈ। ਸਵਾਤੀ ਕੋਲੋਂ ਝੂਠ ਬੁਲਵਾਇਆ ਜਾ ਰਿਹਾ ਹੈ। ਸੀਐਮ ਕੇਜਰੀਵਾਲ ਦੇ ਪੀਏ ਰਿਸ਼ਭ ਕੁਮਾਰ ‘ਤੇ ਝੂਠੇ ਦੋਸ਼ ਲਗਾਏ ਗਏ ਹਨ। ਘਟਨਾ ਵਾਲੇ ਦਿਨ ਤਾਂ ਕੇਜਰੀਵਾਲ ਉੱਥੇ ਮੌਜੂਦ ਹੀ ਨਹੀਂ ਸੀ।
ਇਸ ਦੇ ਨਾਲ ਹੀ ਆਤਿਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਹੀ ਭਾਜਪਾ ਸਾਜ਼ਿਸ਼ ਰਚ ਰਹੀ ਹੈ। ਭਾਜਪਾ ਨੇ ਮੁੜ ਸਾਜਿਸ਼ ਘੜਦੇ ਹੋਏ 13 ਮਈ ਦੀ ਸਵੇਰ ਨੂੰ ਸਵਾਤੀ ਨੂੰ ਅਰਵਿੰਦ ਕੇਜਰੀਵਾਲ ਦੇ ਘਰ ਭੇਜਿਆ ਤਾਂ ਜੋ ਅਰਵਿੰਦ ਕੇਜਰੀਵਾਲ ’ਤੇ ਝੂਠੇ ਦੋਸ਼ ਲਗਾਏ ਜਾ ਸਕਣ। ਇਸ ਤੋਂ ਇਲਾਵਾ ਆਤਿਸ਼ੀ ਨੇ ਵਾਇਰਲ ਵੀਡੀਓ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵੀਡੀਓ ਮੁਤਾਬਕ ਸੱਚਾਈ ਲੁਕਾਈ ਜਾ ਰਹੀ ਹੈ ਕਿਉਂਕਿ ਵੀਡੀਓ ’ਚ ਸਵਾਤੀ ਆਰਾਮ ਨਾਲ ਬੈਠੀ ਹੈ ਤੇ ਉਲਟਾ ਸੁਰੱਖਿਆ ਕਰਮੀਆਂ ਨੂੰ ਧਮਕੀਆਂ ਦੇ ਰਹੀ ਹੈ। ਸੱਚ ਤਾਂ ਇਹ ਹੈ ਕਿ ਸਵਾਤੀ ਬਿਨ੍ਹਾਂ ਕਿਸੇ ਨੂੰ ਜਾਣਕਾਰੀ ਦਿੱਤੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪਹੁੰਚੀ ਜਦੋਂ ਮੁੱਖ ਮੰਤਰੀ ਮੌਜੂਦ ਨਹੀਂ ਸੀ।