ਲੋਕ ਸਭਾ ਚੋਣਾਂ ਦੇ ਚੱਲਦੇ ਉਮੀਦਵਾਰਾਂ ਅਤੇ ਪਾਰਟੀ ਆਗੂਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ’ਤੇ ਚਲਾਇਆ ਜਾ ਰਿਹਾ ਹੈ। ਇਸੇ ਤਰਜ਼ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਪਹੁੰਚੇ ਜਿੱਥੇ ਉਨ੍ਹਾਂ ਨੇ ਜਲੰਧਰ ਤੋ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਪੱਖ ’ਚ ਪ੍ਰਚਾਰ ਕੀਤਾ। ਇਸ ਦੇ ਨਾਲ ਹੀ ਇੱਕ ਪਾਸੇ ਜਿੱਥੇ ਉਨ੍ਹਾਂ ਨੇ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਉੱਥੇ ਹੀ ਉਨ੍ਹਾਂ ਵਿਰੋਧੀ ਧਿਰ ’ਤੇ ਵੀ ਵੱਡਾ ਸ਼ਬਦੀ ਹਮਲਾ ਬੋਲਿਆ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਸਨ ਨੇ ਹਰ ਵਾਰ ਪੰਜਾਬ ਦੀ ਗੱਲ ਕੀਤੀ ਹੈ। ਬਾਕੀ ਪਾਰਟੀਆਂ ਦੇ ਆਗੂ ਤਾਂ ਸਿਰਫ ਐੱਮ ਪੀ ਬਣਨਾ ਚਾਹੁੰਦੇ ਹਨ। ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹਿੰਦੂ, ਮੁਸਲਮਾਨ, ਇਸਾਈ ਜਾਂ ਸਿੱਖ, ਸਾਰੇ ਧਰਮਾਂ ਦੇ ਲੋਕਾ ਬਾਦਲ ਸਾਹਿਬ ਨੂੰ ਆਪਣਾ ਮੁੱਖ ਮੰਤਰੀ ਮੰਨਦੇ ਸੀ। ਐੱਸਵਾਈਐੱਲ ਦੇ ਹਵਾਲੇ ਨਾਲ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਨੇ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਕੇ ਸਹੀ ਨਹੀਂ ਕੀਤਾ। ਅਕਾਲੀ ਦਲ ਦੇ ਸੱਤਾ ਚ ਆਉਂਦੇ ਹੀ ਐੱਸਵਾਈਐੱਲ ਦੇ ਸਾਰੇ ਸਮਝੌਤੇ ਰੱਦ ਕਰ ਦਿੱਤੇ ਜਾਣਗੇ। ਇਸ ਤੋਂ ਅੱਗੇ ਸੁਖਬੀਰ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਹਰ ਸੰਭਵ ਕੋਸ਼ਿਸ਼ ਦੀ ਵੀ ਗੱਲ ਕਹੀ।