ਸਿਲਚਰ ਸ਼ਹਿਰ ਦੇ ਇੱਕ ਇੰਸਟੀਚਿਊਟ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇੰਸਟੀਚਿਊਟ ਦੀ ਚਾਰ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗ ਗਈ। ਧੂੰਆ ਦੇਖਦੇ ਹੀ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਦੌਰਾਨ ਅੱਗ ਲੱਗਣ ਕਾਰਨ ਇੱਕ ਲੜਕੀ ਇਮਾਰਤ ਤੋਂ ਡਿੱਗ ਕੇ ਜ਼ਖਮੀ ਵੀ ਹੋ ਗਈ, ਜਿਸ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਅੱਗ ਬੁਝਾਉਣ ਲਈ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਜਿਨ੍ਹਾਂ ਵੱਲੋਂ ਬੜੀ ਮੁਸ਼ਕੱਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਫਿਲਹਾਲ ਘਟਨਾ ਸਥਾਨ ’ਤੇ ਕੂਲਿੰਗ ਆਪਰੇਸ਼ਨ ਜਾਰੀ ਹੈ। ਜਾਣਕਾਰੀ ਮੁਤਾਬਕ ਇਹ ਭਿਆਨਕ ਅੱਗ ਅਸਾਮ ਦੇ ਕਛਰ ਜਿਲ੍ਹੇ ’ਚ ਸਿਲਚਰ ਸ਼ਹਿਰ ਦੇ ਸ਼ਿਆਮਾ ਪ੍ਰਸਾਦ ਰੋਡ ‘ਤੇ ਸਥਿਤ ਕੋਚਿੰਗ ਸੰਸਥਾ ਵਸੁੰਧਰਾ ਅਪਾਰਟਮੈਂਟ ‘ਚ ਲੱਗੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸ਼ਾਰਟ ਸਰਕਟ ਹੋਇਆ ਉਸ ਤੋਂ ਬਾਅਦ ਤੇਜ਼ ਧਮਾਕਾ ਹੋਇਆ ਜਿਸ ਤੋਂ ਜਨਮੀ ਅੱਗ ਨੇ ਪਲਾਂ ਵਿੱਚ ਹੀ ਸਾਰੀ ਇਮਾਰਤ ਨੂੰ ਆਪਣੀ ਲਪੇਟ ’ਚ ਲੈ ਲਿਆ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਗ ਲੱਗਣ ਸਮੇਂ ਕੋਚਿੰਗ ਇੰਸਟੀਚਿਊਟ ਦੀ ਇਮਾਰਤ ਅੰਦਰ ਕਈ ਵਿਦਿਆਰਥੀ ਮੌਜੂਦ ਸਨ। ਅੱਗ ਦਾ ਪਤਾ ਲੱਗਦੇ ਹੀ ਵਿਦਿਆਰਥੀ ਅਪਾਰਟਮੈਂਟ ਦੀ ਛੱਤ ਵੱਲ ਭੱਜੇ। ਕਿਉਂਕਿ ਇਮਾਰਤ ਅੰਦਰ ਧੂੰਏ ਅਤੇ ਤੇਜ਼ ਲਪਟਾਂ ਕਾਰਨ ਇਮਾਰਤ ਤੋਂ ਬਾਹਰ ਆਉਣਾ ਮੁਸ਼ਕਿਲ ਹੋ ਗਿਆ ਸੀ। ਇਸ ਤੋਂ ਬਾਅਦ ਕਿਸੇ ਤਰ੍ਹਾਂ ਪੌੜੀਆਂ ਦਾ ਪ੍ਰਬੰਧ ਕੀਤਾ ਗਿਆ ਤੇ ਉਨ੍ਹਾਂ ਦੀ ਜਾਨ ਬਚਾਈ ਗਈ।