ਦੇਸ਼ ’ਚ ਹੁਣ ਤੱਕ ਚਾਰ ਪੜਾਵਾਂ ’ਚ ਵੋਟਿੰਗ ਮੁਕੰਮਲ ਹੋ ਚੁੱਕੀ ਹੈ। ਅਜਿਹੇ ਚ ਲੋਕ ਸਭਾ ਚੋਣਾਂ ਦੇ ਚੱਲਦੇ ਉਮੀਦਵਾਰਾਂ ਵੱਲੋਂ ਰੈਲ੍ਹੀਆਂ ਤੇ ਰੋਡ ਸ਼ੋਅ ਲਗਾਤਾਰ ਜਾਰੀ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਚੋਣਾਂ ਸੱਤ ਜੂਨ ਨੂੰ ਆਖਰੀ ਤੇ ਸੱਤਵੇਂ ਪੜਾਅ ਤਹਿਤ ਹੋਣਗੀਆਂ। ਜਿਸ ਤਰ੍ਹਾਂ ਦੇਸ਼ ਦੇ ਬਾਕੀ ਸੂਬੇ ਆਪਣੇ ਚੋਣ ਪ੍ਰਚਾਰਾਂ ਵਿੱਚ ਰੁੱਝੇ ਹੋਏ ਹਨ। ਉਸੇ ਤਰ੍ਹਾਂ ਪੰਜਾਬ ’ਚ ਵੀ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ’ਤੇ ਚੱਲ ਰਿਹਾ ਹੈ। ਇਸੇ ਵਿਚਾਲੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੀ ਰੈਲ੍ਹੀ ਦੌਰਾਨ ਗੱਲੀਆਂ ਚਲਾਈਆਂ ਗਈਆ ਤੇ ਇਸ ਦੌਰਾਨ ਇੱਕ ਨੌਜਵਾਨ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ’ਚ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਵੱਲੋਂ ਆਪਣੀ ਚੋਣ ਰੈਲ੍ਹੀ ਕੀਤੀ ਜਾ ਰਹੀ ਸੀ ਕਿ ਸਮਰੱਥਕਾ ’ਚ ਕੁੱਝ ਨੌਜਵਾਨਾਂ ਦਾ ਝਗੜਾ ਹੋ ਗਿਆ। ਝਗੜੇ ਦੌਰਾਨ ਕੁੱਝ ਲੋਕਾਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੇ ਨਾਲ ਹੀ ਪਤਾ ਲੱਗਿਆ ਹੈ ਕਿ ਗੋਲੀਬਾਰੀ ’ਚ ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੈ। ਹਾਂਲਾਕਿ ਗੋਲੀਬਾਰੀ ਕਿਉਂ ਹੋਈ, ਝਗੜਾ ਕਿੰਨਾ ਵਿਚਕਾਰ ਹੋਇਆ ਹੈ? ਇਸ ਬਾਰੇ ਅਜੇ ਤੱਕ ਕੁੱਝ ਵੀ ਸਾਹਮਣੇ ਨਹੀਂ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਫਿਲਹਾਲ ਜਾਂਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।