ਲੋਕ ਸਭਾ ਚੋਣਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਨੂੰ ਜੇਲ੍ਹ ਚ ਭੇਜਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਭਾਜਪਾ ਤੇ ਲਗਾਏ ਦੋਸ਼ਾਂ ਨੂੰ ਦੌਹਰਾਇਆ। ਸ਼ਨੀਵਾਰ ਨੂੰ ਇੱਕ ਵੀਡੀਓ ਸਾਂਝੀ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਸੰਜੇ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਇੱਥੋਂ ਤੱਕ ਕਿ ਮੈਨੂੰ ਵੀ ਜੇਲ੍ਹ ਚ ਡੱਕਿਆ ਗਿਆ। ਹੁਣ ਮੇਰੇ ਪੀਏ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਉਹ (ਭਾਜਪਾ) ਕਹਿ ਰਹੇ ਹਨ ਕਿ ਰਾਘਵ ਚੱਢਾ ਨੂੰ ਵੀ ਜੇਲ੍ਹ ਭੇਜ ਦਿੱਤਾ ਜਾਵੇਗਾ। ਫਿਰ ਸੌਰਭ ਭਾਰਦਵਾਜ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਆਖਦਾ ਹਾਂ ਕਿ ਤੁਸੀ ਜੇਲ-ਜੇਲ ਦੀ ਖੇਡ ਖੇਡਣੀ ਚਾਹੁੰਦੇ ਹੋ। ਕੱਲ ਐਤਵਾਰ ਨੂੰ ਅਸੀਂ ਪਾਰਟੀ ਦੇ ਸਾਰੇ ਵੱਡੇ ਨੇਤਾ, ਸੰਸਦ ਮੈਂਬਰ ਅਤੇ ਵਿਧਾਇਕ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਟਰ ਪਹੁੰਚਾਂਗੇ। ਤੁਸੀ ਸਾਨੂੰ ਇੱਕਠੇ ਹੀ ਜੇਲ੍ਹ ਭੇਜ ਦਿਓ। ਜੇਕਰ ਤੁਹਾਡੀ (ਪੀਐੱਮ ਮੋਦੀ) ਸੋਚ ਹੈ ਕਿ ‘ਆਪ’ ਦੇ ਆਗੂਆਂ ਨੂੰ ਜੇਲ੍ਹ ਭੇਜ ਕੇ ਪਾਰਟੀ ਨੂੰ ਕੁਚਲਿਆ ਜਾ ਸਕਦਾ ਹੈ ਤਾਂ ਆਮ ਆਦਮੀ ਪਾਰਟੀ ਇਸ ਤਰ੍ਹਾਂ ਕੁਚਲਣ ਵਾਲੀ ਨਹੀਂ ਹੈ। ਦੇਸ਼ ਭਰ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਇੱਕ ਵਿਚਾਰ ਹੈ। ਸਾਨੂੰ ਜੇਲ੍ਹ ਭੇਜੋਗੇ ਤਾਂ ਇਹ ਦੇਸ਼ 100 ਗੁਣਾ ਵੱਧ ਨੇਤਾ ਪੈਦਾ ਕਰੇਗਾ।