ਪਟਿਆਲਾ : ਭਾਰਤ ਵਿਚ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਨਵੇਂ ਵਾਇਰਸ ਨੇ ਦਸਤਕ ਦਿੱਤੀ ਹੈ ਜਿਸ ਦੀਆਂ ਚਰਚਾਵਾਂ ਸਾਰੇ ਪਾਸੇ ਚੱਲ ਰਹੀਆਂ ਹਨ। ਕੇਂਦਰੀ ਸਿਹਤ ਵਿਭਾਗ ਵੱਲੋਂ ਭਾਰਤ ਦੇ ਸੂਬਿਆਂ ਵਿਚ ਸਿਹਤ ਮੰਤਰੀ ਅਤੇ ਸਿਹਤ ਵਿਭਾਗ ਨੂੰ ਆਪੋ-ਆਪਣੇ ਸੂਬਿਆਂ ਵਿਚ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਇਸ ਮਗਰੋਂ ਪਟਿਆਲਾ ਜ਼ਿਲ੍ਹੇ ਦੇ ਮਾਤਾ ਕੌਸ਼ਲਿਆ ਹਸਪਤਾਲ ਅਤੇ ਰਜਿੰਦਰਾ ਹਸਪਤਾਲ ਵਿਚ ਇਸ ਵਾਇਰਸ ਨੂੰ ਲੈ ਕੇ ਵੱਖਰੇ ਵਾਰਡ ਬਣਾਏ ਜਾ ਰਹੇ ਹਨ ਜਿਸ ਦਾ ਦੌਰਾ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵਲੋਂ ਕੀਤਾ ਗਿਆ।
ਇਸ ਵਾਇਰਸ ‘ਤੇ ਗੱਲਬਾਤ ਦੌਰਾਨ ਪਟਿਆਲਾ ਮਾਤਾ ਕੁਸ਼ੱਲਿਆ ਦੇ ਡਾਕਟਰ ਸੁਮੀਤ ਸਿੰਘ ਨੇ ਕਿਹਾ ਕਿ ਇਹ ਕੋਰੋਨਾ ਵਾਇਰਸ ਵਰਗਾ ਹੀ ਵਾਇਰਸ ਹੈ ਪਰ ਇਹ ਉਸ ਜਿੰਨਾ ਖ਼ਤਰਨਾਕ ਨਹੀਂ ਹੈ। ਇਸ ਕਰਕੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਦੇ ਵੀ ਪਰਿਵਾਰ ਵਿਚ ਬੱਚੇ ਜਾਂ ਬਜ਼ੁਰਗ ਹਨ ਜੇਕਰ ਉਨ੍ਹਾਂ ਨੂੰ ਖਾਂਸੀ, ਜ਼ੁਕਾਮ, ਬੁਖਾਰ ਹੁੰਦਾ ਹੈ ਤਾਂ ਘਰ ਵਿਚ ਤੁਸੀਂ ਕੋਈ ਵੀ ਦਵਾਈ ਆਪਣੇ ਪੱਧਰ ‘ਤੇ ਨਾ ਖਾਓ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ ਵੀ ਲੱਛਣ ਨਜ਼ਰ ਆਉਂਦਾ ਹੈ ਤਾਂ ਤੁਰੰਤ ਨਜ਼ਦੀਕੀ ਡਾਕਟਰ ਕੋਲ ਜਾਓ ਅਤੇ ਜਾਂਚ ਕਰਵਾਓ। ਇਹ ਵਾਇਰਸ ਚੀਨ ਵਿਚ ਪਾਇਆ ਗਿਆ ਹੈ ਅਜੇ ਤੱਕ ਭਾਰਤ ਵਿਚ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਪਰ ਕੱਲ੍ਹ ਭਾਰਤ ਵਿਚ ਇਸ ਦੇ 5 ਕੇਸ ਦੇਖਣ ਨੂੰ ਮਿਲੇ ਹਨ, ਜਿਨਾਂ ਦੀ ਜਾਂਚ ਚੱਲ ਰਹੀ ਹੈ।