ਖਨੌਰੀ : ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਨੂੰ ਪੰਜਾਬ ਦੇ ਮੋਗਾ ਵਿੱਚ ਮਹਾਪੰਚਾਇਤ ਦੌਰਾਨ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਇਸ ਸਬੰਧੀ ਅੱਜ ਕਿਸਾਨ ਅੰਦਲੋਨ ਨੂੰ ਲੈ ਕੇ ਕਿਸਾਨ ਦੇ ਹੌਂਸਲੇ ਕਾਫੀ ਬੁਲੰਦ ਨਜ਼ਰ ਆ ਰਹੇ ਹਨ। ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਤੇ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਦਾ ਜਥਾ ਖਨੌਰੀ ਬਾਰਡਰ ਉਪਰ ਪਹੁੰਚ ਗਿਆ ਹੈ। ਦੱਸ ਦੇਈਏ ਕਿ ਐੱਸਕੇਐੱਮ ਨੇ ਵੀਰਵਾਰ ਨੂੰ ਹੀ ਖਨੌਰੀ ਤੇ ਸ਼ੰਭੂ ਬਾਰਡਰਾਂ ਉਪਰ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ ਸੀ।
ਐੱਸਕੇਐੱਮ ਵੱਲੋਂ ਅੰਦੋਲਨ ਚਲਾ ਰਹੇ ਆਗੂਆਂ ਸਰਵਣ ਪੰਧੇਰ ਅਤੇ ਡੱਲੇਵਾਲ ਤੋਂ ਸਮਰਥਨ ਲਈ ਸਹਿਮਤੀ ਲਈ ਜਾਵੇਗੀ। ਇਸ ਤੋਂ ਇਲਾਵਾ ਐੱਸਕੇਐੱਮ ਵੱਲੋਂ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਅੱਜ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ। ਕਿਸਾਨ ਲੀਡਰਾਂ ਨੇ ਮੋਗਾ ਮਹਾਂਪੰਚਾਇਤ ਵਿੱਚ ਫੈਸਲਾ ਕੀਤਾ ਸੀ ਕਿ ਸੰਯੁਕਤ ਕਿਸਾਨ ਮੋਰਚਾ ਦੀ ਛੇ ਮੈਂਬਰੀ ਏਕਤਾ ਕਮੇਟੀ ਵਿੱਚ ਸ਼ਾਮਲ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਾਮਿੰਦਰ ਸਿੰਘ ਪਟਿਆਲਾ, ਡਾ. ਦਰਸ਼ਨਪਾਲ ਤੇ ਕ੍ਰਿਸ਼ਨਾ ਪ੍ਰਸਾਦ 101 ਕਿਸਾਨਾਂ ਦੇ ਜਥੇ ਨਾਲ ਖਨੌਰੀ ਤੇ ਸ਼ੰਭੂ ਬਾਰਡਰ ਵਿਖੇ ਏਕਤਾ ਦਾ ਮਤਾ ਲੈ ਕੇ ਜਾਣਗੇ, ਜਿਸ ਵਿੱਚ 15 ਜਨਵਰੀ ਨੂੰ ਪਟਿਆਲਾ ਦੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਸਾਂਝੀ ਮੀਟਿੰਗ ਕਰਨ ਦਾ ਸੱਦਾ ਵੀ ਸ਼ਾਮਲ ਹੈ।