ਬਿਹਾਰ- ਕਲਯੁਗੀ ਧੀ ਨੇ ਆਪਣੀ ਵਿਧਵਾ ਮਾਂ ਨੂੰ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਦਰਅਸਲ ਮਾਂ ਉਸ ਨੂੰ ਮੁੰਡਿਆਂ ਨਾਲ ਫੋਨ ‘ਤੇ ਗੱਲਾਂ ਕਰਨ ਤੋਂ ਰੋਕਦੀ ਸੀ, ਜੋ ਗੱਲ ਕੁੜੀ ਨੂੰ ਪਸੰਦ ਨਹੀਂ ਆਈ। ਇਸ ਤੋਂ ਨਾਰਾਜ਼ ਹੋ ਕੇ ਕੁੜੀ ਨੇ ਖ਼ੌਫਨਾਕ ਕਦਮ ਚੁੱਕਿਆ ਅਤੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਬਿਹਾਰ ਦੀ ਹੈ।
ਦਰਅਸਲ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਹਰਸਿੱਧੀ ਥਾਣਾ ਖੇਤਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮੰਜੂ ਦੇਵੀ ਆਪਣੀ ਧੀ ਸੋਨੀ ਨਾਲ ਘਰ ‘ਚ ਰਹਿੰਦੀ ਸੀ। ਸੋਨੀ ਕਈ ਮੁੰਡਿਆਂ ਨਾਲ ਫੋਨ ‘ਤੇ ਗੱਲਾਂ ਕਰਦੀ ਸੀ। ਉਸ ਦੀ ਇਸ ਆਦਤ ਲਈ ਉਸ ਦੀ ਮਾਂ ਉਸ ਨੂੰ ਅਕਸਰ ਝਿੜਕਦੀ ਸੀ। ਬੀਤੇ ਦਿਨ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਇਸ ਦੌਰਾਨ ਸੋਨੀ ਨੇ ਗੁੱਸੇ ‘ਚ ਆ ਕੇ ਆਪਣੀ ਮਾਂ ਮੰਜੂ ਦੇਵੀ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ।
ਇਸ ਮਾਮਲੇ ਵਿਚ ਡੀ. ਐਸ. ਪੀ ਰੰਜਨ ਕੁਮਾਰ ਨੇ ਦੱਸਿਆ ਕਿ 5 ਜਨਵਰੀ ਨੂੰ ਪੁਲਸ ਨੂੰ ਬੰਦ ਕਮਰੇ ‘ਚੋਂ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਲਾਸ਼ ਕੋਲ ਹੀ ਕੁਹਾੜੀ ਰੱਖੀ ਹੋਈ ਸੀ। ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਮ੍ਰਿਤਕਾ ਆਪਣੀ ਧੀ ਨਾਲ ਰਹਿੰਦੀ ਸੀ, ਜੋ ਘਟਨਾ ਤੋਂ ਬਾਅਦ ਫਰਾਰ ਸੀ।
ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਡੌਗ ਸਕੁਐਡ ਅਤੇ ਐਫ. ਐਸ. ਐਲ ਟੀਮ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ. ਪੀ ਨੇ ਡੀ. ਐਸ. ਪੀ ਰੰਜਨ ਕੁਮਾਰ ਦੀ ਅਗਵਾਈ ਵਿਚ ਐਸ. ਆਈ. ਟੀ ਦਾ ਗਠਨ ਕੀਤਾ। 4 ਦਿਨ ਦੀ ਜਾਂਚ ਤੋਂ ਬਾਅਦ ਪੁਲਸ ਨੇ ਦੋਸ਼ੀ ਧੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ।