ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਪਾਰਟੀ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੈਂਬਰਸ਼ਿਪ ਫ਼ਾਰਮ ਭਰਿਆ ਗਿਆ ਹੈ। ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਤੋਂ ਪਹਿਲਾਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਇਸ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਵੀ ਲਗਾਈ ਗਈ ਸੀ।
ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਬਾਦਲ ਪਿੰਡ ਵਿਚ ਵੀ ਅਕਾਲੀ ਦਲ ਵੱਲੋਂ ਮੈਂਬਰਸ਼ਿਪ ਫ਼ਾਰਮ ਭਰੇ ਜਾ ਰਹੇ ਹਨ। ਇੱਥੇ ਸੁਖਬੀਰ ਸਿੰਘ ਬਾਦਲ ਨੇ ਇਕ ਵਰਕਰ ਵਜੋਂ ਮੈਂਬਰਸ਼ਿਪ ਫ਼ਾਰਮ ਭਰਿਆ ਅਤੇ ਮੁੜ ਤੋਂ ਅਕਾਲੀ ਦਲ ਦੀ ਮੈਂਬਰਸ਼ਿਪ ਲਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਕੱਲੇ ਲੰਬੀ ਵਿਧਾਨ ਸਭਾ ਹਲਕੇ ਵਿਚ 40 ਹਜ਼ਾਰ ਮੈਂਬਰ ਅਤੇ ਪੂਰੇ ਸੂਬੇ ਵਿਚ ਲਗਭਗ 50 ਲੱਖ ਮੈਂਬਰ ਰਜਿਸਟਰ ਕਰਨ ਦੇ ਯੋਗ ਹੋਵਾਂਗੇ। ਦੱਸ ਦਈਏ ਕਿ ਮੈਂਬਰਸ਼ਿਪ ਮੁਹਿੰਮ 25 ਫ਼ਰਵਰੀ ਤਕ ਚੱਲੇਗੀ ਤੇ 1 ਮਾਰਚ ਨੂੰ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ।