ਕੋਲਕਾਤਾ- ਕੋਲਕਾਤਾ ਦੇ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਇਕ ਮਹਿਲਾ ਸਿਖਿਆਰਥੀ ਡਾਕਟਰ ਦੇ ਕਤਲ ਅਤੇ ਜਬਰ-ਜ਼ਿਨਾਹ ਦੇ ਦੋਸ਼ੀ ਪਾਏ ਗਏ ਸੰਜੇ ਰਾਏ ਨੂੰ ਕੋਲਕਾਤਾ ਦੀ ਵਿਸ਼ੇਸ਼ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਜੇ ਨੂੰ ਮਰਦੇ ਦਮ ਤੱਕ ਉਮਰ ਕੈਦ ਦਿੱਤੀ ਗਈ ਹੈ।
ਮਹਿਲਾ ਸਿਖਿਆਰਥੀ ਡਾਕਟਰ ਦੀ ਲਾਸ਼ ਅਗਸਤ 2024 ਨੂੰ ਕੋਲਕਾਤਾ ਦੇ ਹਸਪਤਾਲ ਕੰਪਲੈਕਸ ਵਿਚ ਮਿਲੀ ਸੀ। ਵਿਸ਼ੇਸ਼ ਅਦਾਲਤ ਦੇ ਜੱਜ ਅਨਿਰਬਾਨ ਦਾਸ ਨੇ 18 ਜਨਵਰੀ ਨੂੰ ਸੰਜੇ ਨੂੰ ਦੋਸ਼ੀ ਕਰਾਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ੇਸ਼ ਅਦਾਲਤ ਦੀ ਕਾਰਵਾਈ ਸੋਮਵਾਰ ਦੁਪਹਿਰ ਸ਼ੁਰੂ ਹੋਈ। ਜੱਜ ਨੇ ਦੋਸ਼ੀ ਸੰਜੇ ਰਾਏ ਅਤੇ ਪੀੜਤ ਦੇ ਮਾਤਾ-ਪਿਤਾ ਨੂੰ ਕੇਸ ‘ਤੇ ਆਪਣਾ ਅੰਤਿਮ ਬਿਆਨ ਦੇਣ ਦੀ ਇਜਾਜ਼ਤ ਦਿੱਤੀ। ਇਸ ਤੋਂ ਬਾਅਦ ਵਿਸ਼ੇਸ਼ ਅਦਾਲਤ ਦੇ ਜੱਜ ਇਸ ਮਾਮਲੇ ‘ਚ ਦੋਸ਼ੀ ਸੰਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜੱਜ ਨੇ ਕਿਹਾ ਕਿ ਸੰਜੇ ਮਰਦੇ ਦਮ ਤੱਕ ਜੇਲ੍ਹ ਵਿਚ ਰਹੇਗਾ।
ਸੰਜੇ ਨੂੰ 10 ਅਗਸਤ, 2024 ਨੂੰ ਆਰ.ਜੀ. ਕਰ ਹਸਪਤਾਲ ਦੇ ਸੈਮੀਨਾਰ ਰੂਮ ‘ਚ 31 ਸਾਲਾ ਡਾਕਟਰ ਦੀ ਲਾਸ਼ ਮਿਲਣ ਤੋਂ ਇਕ ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਜੱਜ ਨੇ ਦੋਸ਼ੀ ਨੂੰ ਭਾਰਤੀ ਨਿਆਂਇਕ ਸੰਹਿਤਾ (BNS) ਦੀ ਧਾਰਾ 64, 66 ਅਤੇ 103 (1) ਦੇ ਤਹਿਤ ਦੋਸ਼ੀ ਠਹਿਰਾਇਆ ਹੈ। BNS ਦੀ ਧਾਰਾ 103(1) (ਕਤਲ) ਦੇ ਤਹਿਤ ਦੋਸ਼ੀ ਲਈ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਵਿਵਸਥਾ ਹੈ। ਕੋਲਕਾਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪ ਦਿੱਤੀ ਸੀ