ਜੰਮੂ- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਫ਼ੌਜ ਦੇ ਜਵਾਨਾਂ ਨੇ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਕੰਟਰੋਲ ਰੇਖਾ (ਐੱਲਓਸੀ) ਪਾਰ ਕਰ ਕੇ ਭਾਰਤੀ ਸਰਹੱਦ ‘ਚ ਪਹੁੰਚੇ ਇਕ ਪਾਕਿਸਤਾਨੀ ਡਰੋਨ ‘ਤੇ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਦੱਸਿਆ ਕਿ ਡਰੋਨ ਮੇਂਢਰ ਸੈਕਟਰ ‘ਚ ਸਰਹੱਦ ਬਾੜ ਕੋਲ ਇਕ ਇਲਾਕੇ ‘ਚ ਕੁਝ ਦੇਰ ਹਵਾ ‘ਚ ਚੱਕਰ ਲਗਾਉਣ ਤੋਂ ਬਾਅਦ ਵਾਪਸ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਪਰਤ ਗਿਆ।
ਫ਼ੌਜੀਆਂ ਨੇ ਰਾਤ ਕਰੀਬ ਇਕ ਵਜੇ ਡਰੋਨ ਦੀਆਂ ਗਤੀਵਿਧੀਆਂ ਦੇਖੀਆਂ ਅਤੇ ਕਰੀਬ 12 ਗੋਲੀਆਂ ਚਲਾਈਆਂ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਸਵੇਰ ਹੁੰਦੇ ਹੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਡਰੋਨ ਤੋਂ ਕੋਈ ਹਥਿਆਰ ਜਾਂ ਨਸ਼ੀਲਾ ਪਦਾਰਥ ਤਾਂ ਨਹੀਂ ਸੁੱਟੇ ਗਏ ਹਨ। ਅੰਤਿਮ ਰਿਪੋਰਟ ਮਿਲਣ ਤੱਕ ਤਲਾਸ਼ ਮੁਹਿੰਮ ਜਾਰੀ ਹੈ।